ਪੱਤਰ ਪ੍ਰੇਰਕ
ਫਰੀਦਾਬਾਦ, 11 ਜੁਲਾਈ
ਐਨਸੀਆਰ ਵਿਚ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਕਈ ਖੇਤਰਾਂ ਵਿਚ ਪਾਣੀ ਜਮ੍ਹਾ ਹੈ ਤੇ ਇਸ ਦਾ ਨਿਕਾਸ ਨਹੀਂ ਹੋਇਆ। ਸਰਕਾਰ ਵੱਲੋਂ ਕਾਰਪੋਰੇਟ ਦਫਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਇੱਕ ਸਲਾਹ ਜਾਰੀ ਕਰਨ ਤੋਂ ਬਾਅਦ ਗੁਰੂਗ੍ਰਾਮ ਵਿੱਚ ਹਜ਼ਾਰਾਂ ਕਰਮਚਾਰੀਆਂ ਨੇ ਘਰੋਂ ਕੰਮ ਕੀਤਾ। ਮੌਸਮ ਮਹਿਕਮੇ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਰੋਹਤਕ, ਗੁਰੂਗ੍ਰਾਮ, ਫਰੀਦਾਬਾਦ ਅਤੇ ਝੱਜਰ ਵਿੱਚ ਮੀਂਹ ਬਾਰੇ ਓਰੈਂਜ ਅਲਰਟ ਜਾਰੀ ਕੀਤਾ ਗਿਆ ਜਿਸ ਤਹਿਤ ਦਰਮਿਆਨਾ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਹਿਸਾਰ, ਭਿਵਾਨੀ, ਰੇਵਾੜੀ, ਮੇਵਾਤ, ਪਲਵਲ ਅਤੇ ਯਮੁਨਾ ਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ।
ਇਸ ਤੋਂ ਪਹਿਲਾਂ ਫਰੀਦਾਬਾਦ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਕਿਉਂਕਿ ਦੋ ਦਿਨ ਦੀ ਬਰਸਾਤ ਦਾ ਪਾਣੀ ਇਨ੍ਹਾਂ ਇਲਾਕਿਆਂ ਵਿੱਚ ਖੜ੍ਹਾ ਹੈ। ਪੁਰਾਣਾ ਫਰੀਦਾਬਾਦ ਅਤੇ ਮੇਵਲਾ ਮਹਾਰਾਜਪੁਰ ਦੇ ਅੰਡਰਪਾਸਾਂ ਹੇਠ ਗੰਦਗੀ ਇਕੱਠੀ ਹੋ ਗਈ ਹੈ, ਜੋ ਮੀਂਹ ਦੇ ਪਾਣੀ ਨਾਲ ਰੁੜ ਕੇ ਅੰਡਰਪਾਸਾਂ ਹੇਠ ਆ ਗਈ ਹੈ। ਸ਼ਹਿਰ ਦੇ ਉਦਯੋਗਿਕ ਖੇਤਰਾਂ ਵਿੱਚ ਵੀ ਸੜਕਾਂ ਉੱਪਰ ਪਾਣੀ ਭਰ ਗਿਆ। ਸਥਾਨਕ ਲੋਕਾਂ ਨੇ ਕਿਹਾ ਕਿ ਸੜਕਾਂ ਉੱਪਰ ਪਾਣੀ ਭਰਨ ਦਾ ਵੱਡਾ ਕਾਰਨ ਨਾਲੀਆਂ ਦੀ ਸਮੇਂ ਸਿਰ ਸਫ਼ਾਈ ਨਾ ਕਰਨਾ ਹੈ। ਸਮਾਜ ਸੇਵੀ ਸੁਖਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਸੈਕਟਰ 24 ਤੇ 22, ਜਵਾਹਰ ਕਲੋਨੀ ਵਿੱਚ ਥਾਂ ਥਾਂ ਪਾਣੀ ਭਰਿਆ। ਇਹੀ ਹਾਲ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਅਮੀਰ ਰਿਹਾਇਸ਼ੀ ਸੈਕਟਰਾਂ ਦੀਆਂ ਸੜਕਾਂ ਵੀ ਪਾਣੀ ਨਾਲ ਭਰੀਆਂ ਨਜ਼ਰੀਂ ਆਈਆਂ।
ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਮੀਂਹ
ਨਵੀਂ ਦਿੱਲੀ (ਪੱਤਰ ਪ੍ਰੇਰਕ): ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦੇ ਸਾਰੇ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਕੌਮੀ ਰਾਜਧਾਨੀ ਵਿੱਚ ਵਿਚ ਆਮ ਤੌਰ ‘ਤੇ ਬੱਦਲਵਾਈ ਰਹੀ ਅਤੇ ਦਿਨ ਭਰ ਮੀਂਹ ਪੈਂਦਾ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 31-33 ਡਿਗਰੀ ਸੈਲਸੀਅਸ ਦਰਮਿਆਨ ਰਿਹਾ ਜਦੋਂ ਕਿ ਘੱਟੋ-ਘੱਟ ਤਾਪਮਾਨ 23-25 ਸੀ। ਸਵੇਰੇ 8.30 ਵਜੇ ਨਮੀ ਦੀ ਦਰ 81 ਪ੍ਰਤੀਸ਼ਤ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ 74 ਰਹੀ ਜੋ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਰੀਡਿੰਗ ਨਾਲ ਸੰਤੁਸ਼ਟੀਜਨਕ ਸ਼੍ਰੇਣੀ ਹੈ।