ਮੀਂਹ ਮਗਰੋਂ ਟ੍ਰਾਈਸਿਟੀ ’ਚ ਸੜਕਾਂ ’ਤੇ ਭਰਿਆ ਪਾਣੀ
ਆਤਿਸ਼ ਗੁਪਤਾ
ਚੰਡੀਗੜ੍ਹ, 14 ਜੁਲਾਈ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਲੰਘੇ ਦਿਨ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਅੱਜ ਵੀ ਸਵੇਰ ਸਮੇਂ ਜਾਰੀ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਗਈ ਹੈ। ਪਰ ਦੂਜੇ ਪਾਸੇ ਮੀਂਹ ਨੇ ਜ਼ੀਰਕਪੁਰ, ਮੁਹਾਲੀ, ਚੰਡੀਗੜ੍ਹ ਤੇ ਪੰਚਕੂਲਾ ਦੀਆਂ ਕਈ ਸੜਕਾਂ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ। ਜਿੱਥੇ ਸੜਕਾਂ ’ਤੇ ਕਾਫੀ ਪਾਣੀ ਖੜਾ ਹੋ ਗਿਆ, ਜਿਸ ਕਰਕੇ ਲੋਕਾਂ ਨੂੰ ਪਾਣੀ ਵਿੱਚੋਂ ਗੁਜਰਨਾ ਪਿਆ ਹੈ। ਇਸ ਦੌਰਾਨ ਕਈ ਲੋਕਾਂ ਦੇ ਵਾਹਨ ਵੀ ਪਾਣੀ ਦੇ ਵਿਚਕਾਰ ਹੀ ਬੰਦ ਹੋ ਗਏ ਹਨ। ਉੱਧਰ ਮੌਸਮ ਵਿਭਾਗ ਨੇ ਵੀ ਸ਼ਹਿਰ ਵਿੱਚ ਅਗਲੇ ਦੋ ਦਿਨ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਚੰਡੀਗੜ੍ਹ ਵਿੱਚ ਕੁਝ ਦਿਨ ਪਹਿਲਾਂ ਪਏ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਕਈ ਥਾਵਾਂ ਤੋਂ ਟੁੱਟ ਗਈਆਂ ਸਨ, ਜਿਨ੍ਹਾਂ ਦੀ ਹਾਲੇ ਤੱਕ ਮੁਰੰਮਤ ਨਹੀਂ ਹੋ ਸਕੀ ਹੈ। ਮੀਂਹ ਵਿੱਚ ਉਨ੍ਹਾਂ ਟੁੱਟੀਆਂ ਸੜਕਾਂ ਕਰਕੇ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਸੈਕਟਰ-38 ਤੇ 38 ਵੈਸਟ ਦੀ ਡਿਵਾਈਡਿੰਗ ਸੜਕ ਦੇ ਇਕ ਪਾਸੇ ਮੁਰੰਮਤ ਦਾ ਕੰਮ ਚੱਲਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੜਕ ’ਤੇ ਸਾਰਾ ਦਿਨ ਜਾਮ ਵਰਗੇ ਹਾਲਾਤ ਬਣੇ ਰਹੇ ਹਨ। ਇਸ ਤੋਂ ਇਲਾਵਾ ਗੋਲਫ ਕਲੱਬ ਵਾਲੇ ਮੋੜ ’ਤੇ ਸੜਕ ਟੁੱਟੀ ਹੋਣ ਕਰਕੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 24 ਘੰਟੇ ਦੌਰਾਨ 34.4 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ 9.5 ਐੱਮਐੱਮ ਮੀਂਹ ਪਿਆ ਹੈ। ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 24.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਸ਼ਹਿਰ ਦਾ ਮੌਸਮ ਖੁਸ਼ਗਵਾਰ ਹੋਣ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸੈਲਾਨੀ ਵੀ ਸ਼ਹਿਰ ਵਿੱਚ ਪਹੁੰਚ ਕੇ ਮੌਸਮ ਦਾ ਆਨੰਦ ਮਾਣ ਰਹੇ ਸਨ। ਅੱਜ ਸਾਰਾ ਦਿਨ ਸੁਖਨਾ ਝੀਲ ਤੇ ਰੋਜ਼ ਗਾਰਡਨ ਵਿੱਚ ਸੈਲਾਨੀਆਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਵੀ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਯਤਨ ਕੀਤੇ ਜਾ ਰਹੇ ਸਨ।