ਪਹਾੜਾਂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਰਕੇ ਅੰਬਾਲਾ ਕੈਂਟ ਵਿਚੋਂ ਲੰਘਦੀ ਟਾਂਗਰੀ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਨਾਲ ਇਸ ਨਦੀ ਦੇ ਆਸ-ਪਾਸ ਰਹਿ ਰਹੇ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਟਾਂਗਰੀ ਦੇ ਬੰਨ੍ਹ ਦੇ ਅੰਦਰ ਵਸੇ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮੇਂ ਸਿਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਪਹਿਲਾਂ ਜਦੋਂ ਵੀ ਪਾਣੀ ਦਾ ਪੱਧਰ ਵਧਦਾ ਸੀ ਤਾਂ ਮੁਨਾਦੀ ਕਰਕੇ ਸੂਚਨਾ ਦਿੱਤੀ ਜਾਂਦੀ ਸੀ ਪਰ ਇਸ ਵਾਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ। ਅੰਬਾਲਾ ਛਾਉਣੀ ਨਗਰ ਕੌਂਸਲ ਦੀ ਚੇਅਰਪਰਸਨ ਸਵਰਨ ਕੌਰ ਨੇ ਦੱਸਿਆ ਕਿ ਇਸ ਸਮੇਂ ਟਾਂਗਰੀ ਨਦੀ ਵਿੱਚ ਲਗਭਗ 10,000 ਕਿਊਸਿਕ ਪਾਣੀ ਆ ਗਿਆ ਹੈ, ਜਿਸ ਕਾਰਨ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ ਪਰ ਪ੍ਰਸ਼ਾਸਨ ਨੇ ਪਹਿਲਾਂ ਹੀ ਨਦੀ ਦੀ ਖ਼ੁਦਾਈ ਕਰਵਾ ਦਿੱਤੀ ਹੈ, ਜਿਸ ਨਾਲ ਪਾਣੀ ਦੇ ਵਹਾਅ ਵਿੱਚ ਮਦਦ ਮਿਲ ਰਹੀ ਹੈ ਅਤੇ ਨੁਕਸਾਨ ਦੀ ਸੰਭਾਵਨਾ ਘੱਟ ਹੈ। ਚੇਅਰਪਰਸਨ ਨੇ ਕਿਹਾ ਕਿ ਲੋਕਾਂ ਨੂੰ ਹੈਲਪ ਲਾਈਨ ਨੰਬਰ ਦਿੱਤੇ ਗਏ ਹਨ, ਖ਼ਤਰੇ ਦੀ ਸਥਿਤੀ ਵਿਚ ਉਹ ਤੁਰੰਤ ਸੰਪਰਕ ਕਰ ਸਕਦੇ ਹਨ।