ਸੁਖਨਾ ਝੀਲ ’ਚ ਪਾਣੀ ਖਤਰੇ ਦੇ ਨਿਸ਼ਾਨ ’ਤੇ; ਫਲੱਡ ਗੇਟ ਖੋਲ੍ਹਿਆ
ਚੰਡੀਗੜ੍ਹ ਅਤੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਨੇ ਚੰਡੀਗੜ੍ਹ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਦਾ ਦੇਖ ਯੂਟੀ ਪ੍ਰਸ਼ਾਸਨ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਸੁਖਨਾ ਝੀਲ ਦਾ ਇਕ ਫਲੱਡ ਗੇਟ ਖੋਲ੍ਹ ਦਿੱਤਾ ਹੈ, ਜੋ ਦੇਰ ਰਾਤ ਤੱਕ ਖੁੱਲ੍ਹਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ 1162 ਫੁੱਟ ਦੇ ਕਰੀਬ ਚੱਲ ਰਿਹਾ ਸੀ ਪਰ ਲੰਘੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਪਏ ਮੀਂਹ ਕਰਕੇ ਸੁਖਨਾ ਝੀਲ ਵਿੱਚ ਇਕ-ਦਮ ਪਾਣੀ ਦਾ ਪੱਧਰ ਵਧ ਕੇ ਖਤਰੇ ਦੇ ਨਿਸ਼ਾਨ 1163 ਫੁੱਟ ’ਤੇ ਪਹੁੰਚ ਗਿਆ। ਯੂਟੀ ਪ੍ਰਸ਼ਾਸਨ ਨੇ ਤੁਰੰਤ ਇਲਾਕਾ ਵਾਸੀਆਂ ਨੂੰ ਹੜ੍ਹ ਦੇ ਸਾਇਰਨ ਵਜਾ ਕੇ ਚੌਕਸ ਕੀਤਾ ਅਤੇ ਤਿੰਨ ਵਿੱਚੋਂ ਇਕ ਫਲੱਡ ਗੇਟ ਨੂੰ 6 ਇੰਚ ਖੋਲ੍ਹ ਦਿੱਤਾ। ਫਲੱਡ ਗੇਟ ਖੋਲ੍ਹਣ ਕਰਕੇ ਯੂਟੀ ਪ੍ਰਸ਼ਾਸਨ ਨੇ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲੀ ਸੜਕ, ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਉਣ ਵਾਲੀ ਅਤੇ ਇੰਡਰਸਟਰੀਅਲ ਏਰੀਆ ਫੇਜ਼-1 ਵਿੱਚ ਸੁਖਨਾ ਚੋਅ ਉੱਤੇ ਬਣੇ ਪੁਲ ’ਤੇ ਵੀ ਚੌਕਸੀ ਵਧਾ ਦਿੱਤੀ ਹੈ। ਫਲੱਡ ਗੇਟ ਖੋਲ੍ਹਣ ਮਗਰੋਂ ਸੁਖਨਾ ਚੋਅ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਯੂਟੀ ਪ੍ਰਸ਼ਾਸਨ ਨੇ ਸੁਖਨਾ ਚੋਅ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਵਧਣਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਝੀਲ ਵਿੱਚ 1162 ਫੁੱਟ ਪਾਣੀ ਨਹੀਂ ਹੁੰਦਾ, ਉੱਦੋਂ ਤੱਕ ਫਲੱਡ ਗੇਟ ਖੁੱਲ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ 24 ਘੰਟੇ ਸੁਖਨਾ ਝੀਲ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਪਾਣੀ ਵਧਣ ’ਤੇ ਹੋਰ ਗੇਟ ਖੋਲ੍ਹਣ ਦਾ ਫ਼ੈਸਲਾ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਇਸ ਤੋਂ ਪਹਿਲਾਂ ਸਾਲ 2023 ਵਿੱਚ ਫਲੱਡ ਗੇਟ ਖੋਲ੍ਹੇ ਗਏ ਸਨ। ਉਸ ਸਾਲ ਆਮ ਨਾਲੋਂ ਵਧੇਰੇ ਮੀਂਹ ਪੈਣ ਕਰਕੇ ਇਕ ਸਾਲ ਵਿੱਚ 6-7 ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸਨ।
ਦੇਰ ਰਾਤ ਮੀਂਹ ਮਗਰੋਂ ਸੜਕਾਂ ਜਲ-ਥਲ
ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਤੜਕੇ ਅਤੇ ਰਾਤ ਸਮੇਂ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਜਲ-ਥਲ ਕਰਕੇ ਰੱਖ ਦਿੱਤੀਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 15.8 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਅਗਲੇ ਪੰਜ ਦਿਨ 7, 8, 9, 10 ਤੇ 11 ਅਗਸਤ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 521.1 ਐੱਮਐੱਮ ਮੀਂਹ ਪੈ ਗਿਆ ਹੈ, ਜੋ ਕਿ ਆਮ ਨਾਲੋਂ 5.8 ਫ਼ੀਸਦ ਵੱਧ ਹੈ।
ਨਿਊ ਚੰਡੀਗੜ੍ਹ ਇਲਾਕੇ ਦੀਆਂ ਸੜਕਾਂ ਪਾਣੀ-ਪਾਣੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਇਲਾਕੇ ਵਿੱਚ ਬੀਤੀ ਅੱਧੀ ਰਾਤ ਵੇਲੇ ਬਾਰਸ਼ ਹੋਈ। ਪਿੰਡ ਸਿੱਸਵਾਂ, ਮੁੱਲਾਂਪੁਰ ਗਰੀਬਦਾਸ, ਨਾਢਾ, ਜੈਂਤੀ ਮਾਜਰੀ ਨਾਲ ਜੁੜਦੀਆਂ ਨਦੀਆਂ, ਨਾਲਿਆਂ ਵਿੱਚ ਪਹਾੜੀ ਖੇਤਰ ਵਿੱਚੋਂ ਭਾਰੀ ਪਾਣੀ ਆਇਆ। ਸੀਨੀਅਰ ਅਕਾਲੀ ਆਗੂ ਚੌਧਰੀ ਸ਼ਾਮਲਾਲ ਮਾਜਰੀਆਂ, ਭਾਜਪਾ ਆਗੂ ਵਿਨੀਤ ਜੋਸ਼ੀ, ਰਵੀ ਸ਼ਰਮਾ, ਗੁਰਵਿੰਦਰ ਸਿੰਘ ਲਾਡੀ ਅਤੇ ਅਰਵਿੰਦਪੁਰੀ ਨੇ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ ਵਿੱਚ ਪੁਰਾਣੇ ਮਾਰਗ ਬੱਸ ਅੱਡੇ ਕੋਲ ਲੰਘਣਾ ਮੁਸ਼ਕਲ ਹੋ ਗਿਆ ਹੈ ਅਤੇ ਪਿੰਡ ਜੈਂਤੀ ਮਾਜਰੀ ਤੋਂ ਕਸੌਲੀ ਜਾਣ ਵਾਲੇ ਇਕਲੌਤੇ ਰਾਹ ਵਿੱਚ ਪੈਂਦੀਆਂ ਨਦੀਆਂ ’ਤੇ ਬਣਾਏ ਸਾਇਫਨਾਂ ਦੀ ਭੱਦੀ ਹਾਲਤ ਹੋ ਗਈ ਹੈ। ਤੀੜਾ-ਝਾਮਪੁਰ ਵਾਲੀ ਨਦੀ ’ਤੇ ਪੁਲ ਪ੍ਰਭਾਵਿਤ ਹੋਇਆ ਹੈ।
ਪੰਚਕੂਲਾ ਪ੍ਰਸ਼ਾਸਨ ਨੇ ਨਦੀਆਂ ਨਾਲਿਆਂ ਨੇੜੇ ਜਾਣ ’ਤੇ ਰੋਕ ਲਾਈ
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਪ੍ਰਸ਼ਾਸਨ ਨੇ ਨਦੀਆਂ, ਨਾਲਿਆਂ ਅਤੇ ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਣ ਮਗਰੋਂ ਲੋਕਾਂ ਨੂੰ ਇਨ੍ਹਾਂ ਨਦੀਆਂ ਨੇੜੇ ਜਾਣ ਤੋਂ ਰੋਕਣ ਲਈ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਹੜ੍ਹ ਕੰਟਰੋਲ ਰੂਮ ਨਾਲ ਨੰਬਰ 0172-2562135 ’ਤੇ ਸੰਪਰਕ ਕੀਤਾ ਜਾਵੇ। ਸੈਕਟਰ-1 ਮਾਜਰੀ ਚੌਕ ਤੋਂ ਪਿੰਜੌਰ ਤੱਕ ਸੜਕਾਂ ‘ਤੇ ਟੋਇਆਂ ਵਿੱਚ ਪਾਣੀ ਭਰਨ ਕਾਰਨ ਕਈ ਵਾਹਨਾਂ ਦੇ ਬੰਪਰ ਸੜਕ ਨਾਲ ਟਕਰਾ ਗਏ। ਇਸ ਤੋਂ ਇਲਾਵਾ ਡੀਸੀ ਦਫ਼ਤਰ ਅਤੇ ਜ਼ਿਲ੍ਹਾ ਅਦਾਲਤ ਦੀ ਕੱਚੀ ਪਾਰਕਿੰਗ ਵਿੱਚ ਪਾਣੀ ਭਰ ਗਿਆ। ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰ ਵਿਸ਼ਾਲ ਸਾਗਰ ਨੇ ਕਿਹਾ ਕਿ ਮੀਂਹ ਤੋਂ ਬਾਅਦ ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਵਿੱਚ ਹਰ ਥਾਂ ਪਾਣੀ ਭਰ ਜਾਂਦਾ ਹੈ। ਪੀਐੱਮਡੀਏ ਅਤੇ ਐੱਚਐੱਸਵੀਪੀ ਦਾ ਅਵੇਸਲਾਪਣ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ।