ਸਰਬਜੀਤ ਸਿੰਘ ਭੱਟੀ
ਅੰਬਾਲਾ ਦੀ ਡਿਫੈਂਸ ਕਲੋਨੀ ਦੇ ਦੋ ਨੌਜਵਾਨਾਂ ਨਾਲ ਏਜੰਟਾਂ ਵੱਲੋਂ ਮਾਰੀ ਠੱਗੀ ਦਾ ਮਾਮਲਾ ਗਰਮਾ ਗਿਆ ਹੈ। ਨੌਜਵਾਨਾਂ ਨੇ ਦੋ ਏਜੰਟਾਂ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਰੂਸ ਭੇਜਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਪੁਲੀਸ ਅਧਿਕਾਰੀਆਂ ਨੂੰ ਮੁਲਜ਼ਮ ਏਜੰਟਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਏਜੰਟਾਂ ਨੇ ਉਸ ਕੋਲੋਂ ਪੰਜ ਲੱਖ ਰੁਪਏ ਲੈ ਕੇ ਉਸ ਨੂੰ ਜੌਰਜੀਆ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਪਹਿਲਾਂ ਮੱਕਾ ਅਤੇ ਫਿਰ ਟੂਰਿਸਟ ਵੀਜ਼ੇ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਰੂਸ ਪਹੁੰਚਾ ਦਿੱਤਾ ਗਿਆ। ਉੱਥੇ ਰੂਸੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਮਹੀਨੇ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ। ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨਾਲ ਕੁੱਲ ਸਵਾ ਅੱਠ ਲੱਖ ਰੁਪਏ ਦੀ ਠੱਗੀ ਹੋਈ ਹੈ।
ਇਸੇ ਤਰ੍ਹਾਂ ਦੂਜੇ ਨੌਜਵਾਨ ਨੇ ਵੀ ਏਜੰਟਾਂ ਖ਼ਿਲਾਫ਼ ਨੌਂ ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੀ ਰੂਸ ਵਿੱਚ ਵਰਕ ਪਰਮਿਟ ਨਾ ਮਿਲਣ ਕਾਰਨ ਵਾਪਸ ਭਾਰਤ ਭੇਜ ਦਿੱਤਾ ਗਿਆ। ਵਿੱਜ ਨੇ ਆਪਣੇ ਕੈਂਪ ਦਫ਼ਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਇਸ ਮਾਮਲੇ ’ਤੇ ਸਖ਼ਤ ਰੁਖ ਅਪਣਾਇਆ ਅਤੇ ਪੁਲੀਸ ਨੂੰ ਮੁਲਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

