ਸੰਘਰਸ਼ ਦੀ ਜਿੱਤ: ਕਿਸਾਨਾਂ ਦੇ ਖਾਤਿਆਂ ’ਚ ਅਦਾਇਗੀ ਆਉਣੀ ਸ਼ੁਰੂ
ਜਗਤਾਰ ਸਮਾਲਸਰ ਏਲਨਾਬਾਦ, 9 ਜੁਲਾਈ ਢਾਈ ਮਹੀਨੇ ਬੀਤ ਜਾਣ ਤੋਂਂ ਬਾਅਦ ਵੀ ਕਿਸਾਨਾਂ ਨੂੰ ਕਣਕ ਅਤੇ ਸਰ੍ਹੋਂ ਦੀ ਅਦਾਇਗੀ ਨਾ ਮਿਲਣ ਦੇ ਰੋਸ ਵਜੋਂ ਇੱਥੋਂ ਦੀ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਅਮਰਪਾਲ ਸਿੰਘ ਖੋਸਾ ਦੀ ਅਗਵਾਈ ਵਿੱਚ ਚੱਲ ਰਿਹਾ ਧਰਨਾ ਸਮਾਪਤ...
ਜਗਤਾਰ ਸਮਾਲਸਰ
ਏਲਨਾਬਾਦ, 9 ਜੁਲਾਈ
ਢਾਈ ਮਹੀਨੇ ਬੀਤ ਜਾਣ ਤੋਂਂ ਬਾਅਦ ਵੀ ਕਿਸਾਨਾਂ ਨੂੰ ਕਣਕ ਅਤੇ ਸਰ੍ਹੋਂ ਦੀ ਅਦਾਇਗੀ ਨਾ ਮਿਲਣ ਦੇ ਰੋਸ ਵਜੋਂ ਇੱਥੋਂ ਦੀ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਅਮਰਪਾਲ ਸਿੰਘ ਖੋਸਾ ਦੀ ਅਗਵਾਈ ਵਿੱਚ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ। ਅਮਰਪਾਲ ਸਿੰਘ ਖੋਸਾ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਸਰਕਾਰੀ ਪੋਰਟਲ ’ਤੇ ਵੇਚੀ ਸੀ, ਜਿਸ ਦੀ ਅਦਾਇਗੀ ਫ਼ਸਲ ਵੇਚਣ ਦੇ ਢਾਈ ਮਹੀਨੇ ਬਾਅਦ ਵੀ ਨਹੀਂ ਹੋਈ। ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਲਿਖਤੀ ਤੌਰ ’ਤੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਹੱਲ ਨਾ ਹੋਣ ਕਾਰਨ ਅਖ਼ੀਰ ਕਿਸਾਨਾਂ ਨੂੰ ਧਰਨਾ ਲਗਾਉਣਾ ਪਿਆ। ਇਸ ਧਰਨੇ ਦੀ ਸੂਚਨਾ ਜਿਉਂ ਹੀ ਸਮਾਜ ਸੇਵੀ ਮੀਨੂੰ ਬੈਨੀਵਾਲ ਨੂੰ ਮਿਲੀ ਤਾਂ ਉਨ੍ਹਾਂ ਮਾਰਕੀਟ ਕਮੇਟੀ ਦੇ ਸਕੱਤਰ ਬਲਰਾਜ ਬਾਨਾ ਤੋਂ ਇਸਦੀ ਜਾਣਕਾਰੀ ਲਈ ਅਤੇ ਉਸੇ ਸਮੇਂ ਹੀ ਖ਼ਰੀਦ ਏਜੰਸੀਆਂ ਨੂੰ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਕੀਤੇ ਜਾਣ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਕਰੀਬ 15 ਕਿਸਾਨਾਂ ਦੇ ਖਾਤਿਆਂ ਵਿੱਚ ਉਨ੍ਹਾਂ ਦੀ ਅਦਾਇਗੀ ਪਹੁੰਚ ਗਈ। ਮੀਨੂੰ ਬੈਨੀਵਾਲ ਨੇ ਮੰਗਲਵਾਰ ਤੱਕ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀ ਪਹੁੰਚਾਏ ਜਾਣ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਲਵਾਰ ਤੱਕ ਅਦਾਇਗੀ ਨਹੀਂ ਮਿਲੀ ਤਾਂ ਬੁੱਧਵਾਰ ਤੋਂ ਧਰਨਾ ਮੁੜ ਸ਼ੁਰੂ ਕੀਤਾ ਜਾਵੇਗਾ। ਅਮਰਪਾਲ ਸਿੰਘ ਖੋਸਾ ਨੇ ਦੱਸਿਆ ਕਿ ਇਸ ਖੇਤਰ ਦੇ ਕਰੀਬ 80 ਕਿਸਾਨਾਂ ਦੇ ਲੱਗਪਗ ਢਾਈ ਕਰੋੜ ਰੁਪਏ ਹੈੱਫੇਡ ਅਤੇ ਡੀਐੱਸਐੱਫ਼ਸੀ ਵੱਲ ਬਕਾਇਆ ਸਨ।

