ਯੂਟੀ ਪੁਲੀਸ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਦੀ ਖੁਦਕੁਸ਼ੀ ਦੀ ਜਾਂਚ ਲਈ ਸਿੱਟ ਬਣਾਈ
ਛੇ ਮੈਂਬਰੀ ਸਿੱਟ ਕਰੇਗੀ ਮਾਮਲੇ ਦੀ ਜਾਂਚ; ਰੈਜ਼ੀਡੈਂਟ ਕਮਿਸ਼ਨਰ ਡੀ ਸੁਰੇਸ਼ ਵੱਲੋਂ ਯੂਟੀ ਦੇ ਡੀਜੀਪੀ ਨਾਲ ਮੁਲਾਕਾਤ; ਮਾਮਲੇ ਦੀ ਨਿਰਪੱਖ ਜਾਂਚ ਮੰਗੀ
SIT formed to probe Haryana IPS officer Y Puran Kumar’s suicideਚੰਡੀਗੜ੍ਹ ਪੁਲੀਸ ਨੇ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਸਬੰਧ ਵਿੱਚ ਦਰਜ ਐਫਆਈਆਰ ਦੀ ਜਾਂਚ ਲਈ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਹਰਿਆਣਾ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਡੀ ਸੁਰੇਸ਼ ਦੀ ਅਗਵਾਈ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਵਿਚ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਜਿਸ ਤੋਂ ਕੁਝ ਘੰਟਿਆਂ ਬਾਅਦ ਯੂਟੀ ਪੁਲੀਸ ਵਲੋਂ ਸਿੱਟ ਬਣਾਉਣ ਦਾ ਫੈਸਲਾ ਕੀਤਾ ਗਿਆ। ਸੂਤਰਾਂ ਅਨੁਸਾਰ ਡੀ ਸੁਰੇਸ਼ ਅਤੇ ਮਰਹੂਮ ਆਈਪੀਐਸ ਦੇ ਭਰਾ ਨੇ ਯੂਟੀ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨਾਲ ਚੰਡੀਗੜ੍ਹ ਪੁਲੀਸ ਹੈੱਡਕੁਆਰਟਰ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਡੀਜੀਪੀ ਹੁੱਡਾ ਕੋਲ ਆਪਣੀਆਂ ਮੰਗਾਂ ਰੱਖੀਆਂ। ਐਸਸੀ/ਐਸਟੀ ਭਾਈਚਾਰੇ ਦੇ ਇੱਕ ਮੈਂਬਰ ਨੇ ਕਿਹਾ, ‘ਐਸਸੀ/ਐਸਟੀ ਭਾਈਚਾਰਿਆਂ ਦੇ 30 ਤੋਂ ਵੱਧ ਨੁਮਾਇੰਦੇ ਪੁਲੀਸ ਹੈੱਡਕੁਆਰਟਰ ਦੇ ਕਮੇਟੀ ਰੂਮ ਵਿੱਚ ਇਕੱਠੇ ਹੋਏ ਅਤੇ ਡੀਜੀਪੀ ਕੋਲ ਜਾਣ ਤੋਂ ਪਹਿਲਾਂ ਆਪਣੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਬਾਅਦ ਵਿੱਚ ਡੀ ਸੁਰੇਸ਼ ਅਤੇ ਵਾਈ ਪੂਰਨ ਕੁਮਾਰ ਦੇ ਭਰਾ ਨੇ ਤੁਰੰਤ ਕਾਰਵਾਈ ਲਈ ਡੀਜੀਪੀ ਹੁੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੇ ਐਫਆਈਆਰ ਵਿਚ ਡੀਜੀਪੀ ਹਰਿਆਣਾ ਤੇ ਇਕ ਹੋਰ ਪੁਲੀਸ ਅਧਿਕਾਰੀ ਦਾ ਸਪਸ਼ਟ ਨਾਂ ਨਾ ਹੋਣ ’ਤੇ ਇਤਰਾਜ਼ ਜਤਾਇਆ ਸੀ।