ਥਾਨੇਸਰ, ਪਿਹੋਵਾ, ਇਸਮਾਈਲਾਬਾਦ ਤੇ ਸ਼ਾਹਬਾਦ ਤੋਂ ਲਾਵਾਰਸ ਪਸ਼ੂ ਫੜੇ
ਵਧੀਕ ਡਿਪਟੀ ਕਮਿਸ਼ਨਰ ਮਹਾਂਵੀਰ ਪ੍ਰਸਾਦ ਨੇ ਕਿਹਾ ਹੈ ਕਿ ਥਾਨੇਸਰ, ਪਿਹੋਵਾ, ਇਸਮਾਈਲਾਬਾਦ ਤੇ ਸ਼ਾਹਬਾਦ ਤੋਂ ਲਾਵਾਰਸ ਪਸ਼ੂਆਂ ਨੂੰ ਫੜਨ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਥਾਵਾਂ ਤੋਂ 26 ਲਾਵਾਰਸ ਪਸ਼ੂ ਫੜ ਕੇ ਵੱਖ ਵੱਖ ਗਊਸ਼ਾਲਵਾਂ ਵਿਚ ਛੱਡ ਦਿੱਤੇ ਗਏ ਹਨ। ਇਸ ਮੁਹਿੰਮ ’ਤੇ ਵਿਸ਼ੇਸ਼ ਧਿਆਨ ਦੇਣ ਲਈ ਨਗਰ ਪਰਿਸ਼ਦ ,ਨਗਰਪਾਲਿਕਾਵਾਂ ਦੇ ਨਾਲ ਨਾਲ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਨਿਗਮ ਤੇ ਪਸ਼ੂ ਪਾਲਣ ਵਿਭਾਗ ਚੰਡੀਗੜ੍ਹ ਦੇ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਨੂੰ ਲਾਵਾਰਸ ਪਸ਼ੂਆਂ ਤੋਂ ਮੁਕਤ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਥਾਨੇਸਰ, ਪਿਹੋਵਾ, ਸ਼ਾਹਬਾਦ ਤੇ ਲਾਡਵਾ ਦੇ ਐੱਸਡੀਐੱਮ ਨੂੰ ਨੋਡਲ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਰ ਰੋਜ਼ ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਵਾਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਸ਼ਾਹਬਾਦ ਤੋਂ ਚਾਰ ਗਾਵਾਂ, ਇਸਮਾਈਲਾਬਾਦ ਤੋਂ ਇਕ ਗਾਂ, ਪਿਹੋਵਾ ਤੋਂ ਚਾਰ ਬਲਦ ਥਾਨੇਸਰ ਤੇ ਇਸ ਦੇ ਆਲੇ ਦੁਆਲੇ ਤੋਂ 17 ਬਲਦ ਫੜੇ ਗਏ ਹਨ। ਇਨ੍ਹਾਂ ਨੂੰ ਨੇੜਲੀਆਂ ਗਊਸ਼ਾਲਾਵਾਂ ਵਿੱਚ ਭੇਜ ਦਿੱਤਾ ਗਿਆ ਹੈ।