ਯਮੁਨਾਨਗਰ ਪੁਲੀਸ ਨੇ ਤਕਰੀਬਨ 1.103 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ 1 ਕਰੋੜ ਰੁਪਏ ਬਣਦੀ ਹੈ। ਇਹ ਜ਼ਿਲ੍ਹੇ ਵਿੱਚ ਹੁਣ ਤੱਕ ਜ਼ਬਤ ਕੀਤੀ ਗਈ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਹੈ।
ਵਧੀਕ ਪੁਲੀਸ ਸੁਪਰਡੈਂਟ ਅਮਰਿੰਦਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠ ਇੱਕ ਟੀਮ, ਜਿਸ ਵਿੱਚ ਸਬ-ਇੰਸਪੈਕਟਰ ਮੱਖਣ ਸਿੰਘ, ਏ ਐੱਸ ਆਈ ਸੁਰੇਂਦਰ ਸਿੰਘ ਅਤੇ ਹੋਰ ਸ਼ਾਮਲ ਸਨ, ਪੱਛਮੀ ਯਮੁਨਾ ਨਹਿਰ ਪੁਲ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਦੋ ਵਿਅਕਤੀ, ਸਰਤਾਜ ਅਤੇ ਨਾਹਿਮ, ਜੋ ਕਿ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਯਮੁਨਾਨਗਰ ਵਿੱਚ ਹੈਰੋਇਨ ਵੇਚਣ ਲਈ ਆਏ ਹਨ ਅਤੇ ਇਸ ਸਮੇਂ ਸਹਾਰਨਪੁਰ ਰੋਡ ’ਤੇ ਨਹਿਰ ਪੁਲ ਨੇੜੇ ਗਾਹਕਾਂ ਦੀ ਉਡੀਕ ਕਰ ਰਹੇ ਹਨ।
ਇਸ ਜਾਣਕਾਰੀ ਦੀ ਪੁਸ਼ਟੀ ਹੋਣ ’ਤੇ ਡੀ ਐੱਸ ਪੀ (ਹੈੱਡਕੁਆਰਟਰ) ਕਵਲਜੀਤ ਸਿੰਘ ਦੀ ਨਿਗਰਾਨੀ ਹੇਠ ਛਾਪਾ ਮਾਰ ਕੇ ਦੋਵਾਂ ਸ਼ੱਕੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸਰਤਾਜ ਦੇ ਬੈਗ ’ਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਭਾਰ 1.103 ਕਿਲੋਗ੍ਰਾਮ ਸੀ। ਮੁੱਢਲੀ ਪੁੱਛ-ਪੜਤਾਲ ਦੌਰਾਨ ਦੋਵਾਂ ਮੁਲਜ਼ਮਾਂ ਨੇ ਮੰਨਿਆ ਕੀਤਾ ਕਿ ਉਹ ਇਹ ਹੈਰੋਇਨ ਉੱਤਰ ਪ੍ਰਦੇਸ਼ ਤੋਂ ਯਮੁਨਾਨਗਰ ਵਿੱਚ ਵੇਚਣ ਲਈ ਲਿਆਏ ਸਨ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਸਿਟੀ ਥਾਣਾ, ਯਮੁਨਾਨਗਰ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਵੱਡੀ ਖੇਪ ਜ਼ਿਲ੍ਹੇ ਵਿੱਚ ਕਿਸ ਨੂੰ ਪਹੁੰਚਾਉਣ ਆਏ ਸਨ।

