ਰੋਹਤਕ ਤੇ ਝੱਜਰ ਵਿਚ ਬਾਸਕਟਬਾਲ ਪੋਲ ਡਿੱਗਣ ਨਾਲ ਦੋ ਨਾਬਾਲਗਾਂ ਦੀ ਮੌਤ
ਰੋਹਤਕ ਤੇ ਬਹਾਦਰਗੜ੍ਹ ਕਸਬੇ (ਝੱਜਰ) ਵਿਚ ਦੋ ਵੱਖ ਵੱਖ ਘਟਨਾਵਾਂ ਵਿਚ ਪ੍ਰੈਕਟਿਸ ਦੌਰਾਨ ਬਾਸਕਟਬਾਲ ਪੋਲ ਡਿੱਗਣ ਨਾਲ ਦੋ ਨਾਬਾਲਗ ਲੜਕਿਆਂ ਦੀ ਮੌਤ ਹੋ ਗਈ। ਪੀੜਤਾਂ ਦੀ ਪਛਾਣ ਬਹਾਦਰਗੜ੍ਹ ਦੇ ਅਮਨ (15) ਤੇ ਰੋਹਤਕ ਦੇ ਲੱਖਣ ਮਾਜਰਾ ਦੇ ਹਾਰਦਿਕ (16) ਵਜੋਂ...
ਰੋਹਤਕ ਤੇ ਬਹਾਦਰਗੜ੍ਹ ਕਸਬੇ (ਝੱਜਰ) ਵਿਚ ਦੋ ਵੱਖ ਵੱਖ ਘਟਨਾਵਾਂ ਵਿਚ ਪ੍ਰੈਕਟਿਸ ਦੌਰਾਨ ਬਾਸਕਟਬਾਲ ਪੋਲ ਡਿੱਗਣ ਨਾਲ ਦੋ ਨਾਬਾਲਗ ਲੜਕਿਆਂ ਦੀ ਮੌਤ ਹੋ ਗਈ। ਪੀੜਤਾਂ ਦੀ ਪਛਾਣ ਬਹਾਦਰਗੜ੍ਹ ਦੇ ਅਮਨ (15) ਤੇ ਰੋਹਤਕ ਦੇ ਲੱਖਣ ਮਾਜਰਾ ਦੇ ਹਾਰਦਿਕ (16) ਵਜੋਂ ਹੋਈ ਹੈ। ਦੋਵੇਂ ਦਸਵੀਂ ਜਮਾਤ ਦੇ ਵਿਦਿਆਰਥੀ ਸਨ।
ਪਹਿਲੀ ਘਟਨਾ ਐਤਵਾਰ ਨੂੰ ਬਹਾਦਰਗੜ੍ਹ ਵਿੱਚ ਵਾਪਰੀ। ਖਬਰਾਂ ਮੁਤਾਬਕ ਅਮਨ ਦੁਪਹਿਰ ਸਮੇਂ ਬਾਸਕਟਬਾਲ ਅਭਿਆਸ ਲਈ ਸਥਾਨਕ ਸਟੇਡੀਅਮ ਗਿਆ ਸੀ ਜਦੋਂ ਅਚਾਨਕ ਖੰਭਾ ਉਸ 'ਤੇ ਡਿੱਗ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਪੀਜੀਆਈਐਮਐਸ ਰੋਹਤਕ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਸੋਮਵਾਰ ਰਾਤ ਨੂੰ ਦਮ ਤੋੜ ਦਿੱਤਾ। ਮੰਗਲਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਦੂਜੀ ਘਟਨਾ ਮੰਗਲਵਾਰ ਨੂੰ ਰੋਹਤਕ ਜ਼ਿਲ੍ਹੇ ਦੇ ਲਖਨ ਮਾਜਰਾ ਕਸਬੇ ਦੇ ਇੱਕ ਸਟੇਡੀਅਮ ਵਿੱਚ ਵਾਪਰੀ। ਬਾਸਕਟਬਾਲ ਦਾ ਪੋਲ ਟੁੱਟਣ ਤੋਂ ਬਾਅਦ ਹਾਰਦਿਕ ਨੂੰ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਅਨੁਸਾਰ ਹਾਰਦਿਕ ਨੇ ਬਾਸਕਟਬਾਲ ਵਾਲੀ ਟੋਕਰੀ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਉੱਤੇ ਡਿੱਗ ਪਿਆ। ਹੋਰ ਨੌਜਵਾਨ ਖਿਡਾਰੀ ਉਸ ਨੂੰ ਖੰਭੇ ਹੇਠ ਫਸਿਆ ਦੇਖ ਕੇ ਮਦਦ ਲਈ ਦੌੜੇ। ਉਸ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਘਟਨਾ ਬਾਸਕਟਬਾਲ ਕੋਰਟ ਦੇ ਨੇੜੇ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਹਾਰਦਿਕ ਪਹਿਲਾਂ ਸਬ-ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਚੁੱਕਾ ਸੀ।

