ਸੜਕ ਹਾਦਸੇ ਵਿੱਚ ਔਰਤ ਸਣੇ ਦੋ ਹਲਾਕ
ਪੱਤਰ ਪ੍ਰੇਰਕ
ਯਮੁਨਾ ਨਗਰ, 17 ਜਨਵਰੀ
ਯਮੁਨਾ ਨਗਰ ਵਿੱਚ ਸਢੌਰਾ-ਕਾਲਾ ਅੰਬ ਸੜਕ ’ਤੇ ਪਿੰਡ ਅਸਗਰਪੁਰ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਟਰੱਕ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ । ਹਾਦਸੇ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਤੁਰੰਤ ਟਰਾਮਾ ਸੈਂਟਰ ਨਰਾਇਣਗੜ੍ਹ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਮਹਿੰਦਰ ਵਾਸੀ ਸਢੌਰਾ ਅਤੇ ਸੁਦੇਸ਼ ਦੇਵੀ ਵਾਸੀ ਸਾਦਿਕਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੱਕ ਟਰੱਕ ਵੱਲੋਂ ਦੋ ਬਾਈਕਾਂ ਨੂੰ ਪਿੱਛੇ ਤੋਂ ਟੱਕਰ ਮਾਰਨ ਕਾਰਨ ਵਾਪਰਿਆ। ਘਟਨਾ ਦਾ ਮੁੱਖ ਕਾਰਨ ਖੇਤਰ ਵਿੱਚ ਸੰਘਣੀ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਫਰਾਰ ਹੋਏ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਅਨੁਸਾਰ ਟਰੱਕ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਸੰਘਣੀ ਧੁੰਦ ਕਾਰਨ ਡਰਾਈਵਰ ਬਾਈਕ ਸਵਾਰਾਂ ਨੂੰ ਨਹੀਂ ਦੇਖ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਟ੍ਰੈਫਿਕ ਜਾਮ ਹੋ ਗਿਆ। ਵੱਡੀ ਗਿਣਤੀ ਵਿੱਚ ਵਾਹਨ ਜਾਮ ਵਿੱਚ ਫਸ ਗਏ, ਜਾਮ ਹਟਾਉਣ ਲਈ ਪੁਲੀਸ ਦੀ ਮਦਦ ਲੈਣੀ ਪਈ। ਲੋਕਾਂ ਨੇ ਦੱਸਿਆ ਕਿ ਧੰੁਦ ਦੇ ਬਾਵਜੂਦ ਟਰੱਕ ਵਾਲਾ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਜਿਸ ਕਾਰਨ ਹਾਦਸਾ ਵਾਪਰਿਆ।