ਮਹਾਂਵੀਰ ਮਿੱਤਲ
ਪਿੰਡ ਬੜੌਦਾ ਵਿੱਚ ਦੋ ਨੌਜਵਾਨਾਂ ਦੀ ਅੱਗ ਨਾਲ ਝੁਲਸ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਸ਼ੋਕ ਅਤੇ ਅਮਰਜੀਤ ਉਰਫ਼ ਸੋਨੂ ਵਜੋਂ ਹੋਈ ਹੈ। ਦੋਵੇਂ ਨੌਜਵਾਨ ਇਕ ਮੁਹੱਲੇ ਵਿੱਚ ਰਹਿੰਦੇ ਸਨ ਤੇ ਗੂੜ੍ਹੇ ਦੋਸਤ ਸਨ। ਇਹ ਦੋਵੇਂ ਖੇਤਾਂ ਵਿੱਚ ਬਣੇ ਕੋਠੇ ਵਿੱਚ ਸੁੱਤੇ ਸਨ ਤੇ ਕੋਠੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਨ੍ਹਾਂ ਦੀ ਝੁਲਸ ਕੇ ਮੌਤ ਹੋ ਗਈ। ਜਿਵੇਂ ਹੀ ਇਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਪਿੰਡ ਵਿੱਚ ਆਈ ਤਾਂ ਪੂਰੇ ਪਿੰਡ ਵਿੱਚ ਸੋਗ ਛਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਅਸ਼ੋਕ ਅਤੇ ਅਮਰਜੀਤ ਉਰਫ ਸੋਨੂ ਨਜ਼ਦੀਕੀ ਦੋਸਤ ਸਨ। ਉਨ੍ਹਾਂ ਆਖਿਆ ਕਿ ਜਦੋਂ ਅਸ਼ੋਕ ਬਹੁਤ ਛੋਟਾ ਸੀ ਤਾਂ ਉਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਅਸ਼ੋਕ ਦੇ ਪਰਿਵਾਰ ਵਿੱਚ ਉਸ ਦੀ ਮਾਤਾ, ਪਤਨੀ ਤੇ 6 ਸਾਲਾ ਬੇਟੀ ਅਤੇ 7 ਸਾਲਾ ਪੁੱਤਰ ਹੈ। ਦੂਜੇ ਪਾਸੇ ਅਮਰਜੀਤ ਉਰਫ ਸੋਨੂੰ ਦੋ ਭਰਾਵਾਂ ਵਿੱਚੋਂ ਵੱਡਾ ਸੀ। ਉਸ ਦਾ ਛੋਟਾ ਭਰਾ ਖਿਡਾਰੀ ਹੈ, ਜੋ ਰੋਹਤਕ ਵਿੱਚ ਸਿਖਲਾਈ ਲੈ ਰਿਹਾ ਹੈ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਦਾਦੀ, ਭਰਾ ਤੇ ਦੋ ਸ਼ਾਦੀਸ਼ੁਦਾ ਭੈਣਾਂ ਹਨ। ਅਮਰਜੀਤ ਦੇ ਪਿਤਾ ਰਾਮਮਿਹਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

