ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਦੇ ਪਾਰਕ ਵਿੱਚ ਦੋਸਤਾਂ ਨੇ ਇੱਕ ਦੂਜੇ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਝਗੜੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਦੋਵੇਂ ਵਿਅਕਤੀ ਵਿਆਹੇ ਹੋਏ ਸਨ ਅਤੇ ਬੱਚਿਆਂ ਵਾਲੇ ਸਨ ਅਤੇ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਸਨ। ਪੁਲੀਸ ਨੇ ਦੱਸਿਆ ਕਿ ਐਤਵਾਰ ਨੂੰ ਦਿੱਲੀ ਦੇ ਖਿਆਲਾ ਖੇਤਰ ਦੇ ਇੱਕ ਪਾਰਕ ਵਿੱਚ ਮਾਮੂਲੀ ਬਹਿਸ ਕਾਰਨ ਦੋ ਦੋਸਤਾਂ ਨੇ ਇੱਕ ਦੂਜੇ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਦੀਪ ਅਤੇ ਆਰਿਫ਼ ਵਜੋਂ ਹੋਈ, ਜੋ ਖਿਆਲਾ ਦੇ ‘ਬੀ’ ਬਲਾਕ ਖੇਤਰ ਦੇ ਰਹਿਣ ਵਾਲੇ ਹਨ। ਪੁਲੀਸ ਅਨੁਸਾਰ ਦੀਨ ਦਿਆਲ ਉਪਾਧਿਆਏ ਹਸਪਤਾਲ ਤੋਂ ਖਿਆਲਾ ਪੁਲੀਸ ਸਟੇਸ਼ਨ ਨੂੰ ਰਾਤ 10 ਤੋਂ 11 ਵਜੇ ਦੇ ਵਿਚਕਾਰ ਚਾਕੂ ਨਾਲ ਜ਼ਖਮੀ ਦੋ ਵਿਅਕਤੀਆਂ ਦੇ ਦਾਖ਼ਲ ਹੋਣ ਬਾਰੇ ਫੋਨ ਆਇਆ। ਦੋਵਾਂ ਦੀ ਸੋਮਵਾਰ ਸਵੇਰੇ ਮੌਤ ਹੋ ਗਈ।
ਪੱਛਮੀ ਪੁਲੀਸ ਦੇ ਡਿਪਟੀ ਕਮਿਸ਼ਨਰ ਬਚਿੱਤਰ ਵੀਰ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਦੋ ਦੋਸਤ ਪਾਰਕ ਵਿੱਚ ਬੈਠੇ ਸਨ। ਉਹ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਹਨ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਜੋ ਹੱਥੋਪਾਈ ਤੱਕ ਪਹੁੰਚ ਗਈ। ਝਗੜੇ ਦੌਰਾਨ ਦੋਵਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਦੂਜੇ ਨੂੰ ਚਾਕੂ ਮਾਰ ਦਿੱਤੇ। ਗੁਆਂਢੀਆਂ ਨੇ ਪਾਰਕ ਵਿੱਚ ਜ਼ਖਮੀ ਪਏ ਵਿਅਕਤੀਆਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਦੱਸਿਆ ਕਿ ਸੰਦੀਪ ਪ੍ਰਾਪਰਟੀ ਡੀਲਰ ਅਤੇ ਪਹਿਲਾਂ ਜਿਮ ਟਰੇਨਰ ਵਜੋਂ ਕੰਮ ਕਰਦਾ ਸੀ।