ਪੱਤਰ ਪ੍ਰੇਰਕ
ਪਿਛਲੇ ਤਿੰਨ ਚਾਰ ਦਿਨਾਂ ਤੋਂ ਜੀਂਦ ਦੇ ਉੱਘੇ ਡਾਕਟਰਾਂ ਤੋਂ ਫ਼ਿਰੌਤੀ ਮੰਗਣ ਵਾਲੇ ਨੂੰ ਪੁੀਸ ਨੇ ਅੱਜ ਕਾਬੂ ਕਰਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਕਮਲਦੀਪ ਰਾਣਾ ਨੇ ਦੱਸਿਆ ਕਿ ਛੇ ਅਤੇ ਸੱਤ ਅਗਸਤ ਨੂੰ ਜੀਂਦ ਦੇ ਮੁਸਕਾਨ ਹਸਪਤਾਲ ਦੀ ਡਾਕਟਰ ਮੋਨਿਕਾ ਪੁਨੀਆ ਅਤੇ ਸਰਸਵਤੀ ਆਈਜ਼ ਕੇਅਰ ਸੈਂਟਰ ਦੇ ਪ੍ਰਬੰਧਕ ਨਰੇਸ਼ ਸੈਣੀ ਤੋਂ ਫੋਨ ’ਤੇ ਕਿਸੇ ਵਿਅਕਤੀ ਵੱਲੋਂ 20 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ ਤੇ ਫਿਰੌਤੀ ਨਾ ਦੇਣ ਉੱਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਸਿਵਲ ਲਾਈਨ ਪੁਲੀਸ ਅਤੇ ਥਾਣਾ ਸ਼ਹਿਰ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਡੀਐੱਸਪੀ ਕਮਲਦੀਪ ਰਾਣਾ ਦੀ ਅਗਵਾਈ ਹੇਠ ਗਠਿਤ ਕੀਤੀ ਸੀਆਈਏ ਟੀਮ ਨੇ ਜਦੋਂ ਮੁਲਜ਼ਮ ਨੂੰ ਫੜਨ ਲਈ ਪਿੰਡ ਮੋਹਲਖੇੜਾ ਦੇ ਫਲਾਈਓਵਰ ਕੋਲ ਘੇਰਾ ਪਾਇਆ ਤਾਂ ਉਸ ਨੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਮੁਲਜ਼ਮ ਦੀ ਪਛਾਣ ਪਿੰਡ ਥੂਆ ਵਾਸੀ ਅੰਕਿਤ ਵਜੋਂ ਹੋਈ। ਪੁਲੀਸ ਨੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪਹਿਲਾਂ ਨਰਵਾਣਾ ਮਗਰੋਂ ਜੀਂਦ ਦੇ ਨਾਗਰਿਕ ਹਸਪਤਾਲ ਵਿੱਚ ਦਾਖਲ ਕਰਵਾਇਆ। ਠੀਕ ਹੋਣ ਮਗਰੋਂ ਪੁਲੀਸ ਮੁਲਜ਼ਮ ਦਾ ਪੁਲੀਸ ਰਿਮਾਂਡ ਲੈ ਕੇ ਪੁੱਛ-ਗਿੱਛ ਕਰੇਗੀ। ਫਿਲਹਾਲ ਮੁੱਢਲੀ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਗੈਂਗਸਟਰ ਲਾਰੇਂਸ਼ ਬਿਸ਼ਨੋਈ ਨੂੰ ਫੌਲੋ ਕਰਦਾ ਸੀ ਤੇ ਉੱਘੇ ਡਾਕਟਰਾਂ ਅਤੇ ਵਪਾਰੀਆਂ ਦੇ ਗੂਗਲ ਤੋਂ ਨੰਬਰ ਕੱਢ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਫ਼ਿਰੌਤੀ ਮੰਗਦਾ ਸੀ। ਅੰਕਿਤ ਨੇ ਦੋਸਤ ਦੀ ਗੱਡੀ ਵੀ ਚੋਰੀ ਕੀਤੀ ਮੰਨੀ ਹੈ।