ਅੰਬਾਲਾ ਪੁਲੀਸ ਦੇ ਸੀਆਈਏ-2 ਦੀ ਟੀਮ ਨੇ 301 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਸਬ ਇੰਸਪੈਕਟਰ ਬਲਕਾਰ ਸਿੰਘ ਤੇ ਸੰਦੀਪ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਥਾਣਾ ਪਡਾਵ ਖੇਤਰ ਵਿਚ ਤੁਰੰਤ ਕਾਰਵਾਈ ਕਰਦਿਆਂ ਵਿਸ਼ਾਲ ਧੀਰ ਉਰਫ ਨਾਨੂ ਵਾਸੀ ਬੰਗਾਲੀ ਮੁਹੱਲਾ ਅੰਬਾਲਾ ਛਾਉਣੀ, ਹਾਲ ਨਿਵਾਸੀ ਈਕੋ ਗ੍ਰੀਨ-2 ਡੇਰਾਬਸੀ ਅਤੇ ਵੰਸ਼ ਵਾਸੀ ਲਾਲ ਕੁਰਤੀ ਬਾਜ਼ਾਰ, ਅੰਬਾਲਾ ਛਾਉਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐੱਸ ਐਕਟ ਹੇਠ ਕੇਸ ਦਰਜ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਹੈ। ਪੁਲੀਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਹੈਰੋਇਨ ਦੀ ਖੇਪ ਅੰਬਾਲਾ ਦੇਣ ਆ ਰਹੇ ਸਨ। ਪੁਲੀਸ ਨੇ ਸੂਚਨਾ ਮਿਲਣ ’ਤੇ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ।