ਸ਼ੁੱਕਰਵਾਰ ਸਵੇਰੇ ਗੁਰੂਗ੍ਰਾਮ ’ਚ ਛਾਈ ਧੁਆਂਖੀ ਧੁੰਦ ਦੌਰਾਨ ਚੌਕ ’ਚ ਤਾਇਨਾਤ ਟ੍ਰੈਫਿਕ ਪੁਲੀਸ ਮੁਲਾਜ਼ਮ। -ਫੋਟੋ: ਪੀ ਟੀ ਆਈ
ਮੇਅਰ ਨੇ ਦੀਵਾਲੀ ਤੋਂ ਪਹਿਲਾਂ ਬਕਾਇਆ ਦੇਣ ਦਾ ਭਰੋਸਾ ਦਿੱਤਾ
ਇਥੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਅੱਜ ਆਪਣੀਆਂ ਮੰਗਾਂ ਮੰਨਵਾਉਣ ਲਈ ਮੁਜ਼ਾਹਰਾ ਕੀਤਾ। ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸਾਲ 2017 ਤੋਂ ਹੁਣ ਤੱਕ ਬਣਦਾ ਕਰੀਬ 6.25 ਕਰੋੜ ਰੁਪਏ ਬਕਾਇਆ ਦੀਵਾਲੀ ਤੋਂ ਪਹਿਲਾਂ ਦੇ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਸੰਘਰਸ਼ ਸਮਾਪਤ ਕਰ ਦਿੱਤਾ। ਮੇਅਰ ਸੁਮਨ ਨੇ ਆਖਿਆ ਕਿ ਦੀਵਾਲੀ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੂੰ ਬਕਾਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਮੇਅਰ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦੇ ਘਰ ਲਕਸ਼ਮੀ ਆ ਜਾਵੇਗੀ। ਉਨ੍ਹਾਂ ਕਿਹਾ, ‘ਅਸੀਂ ਤੁਹਾਡੇ ਤੋਂ ਵੱਖ ਨਹੀਂ ਹਾਂ। ਅਸੀਂ ਸਾਰੇ ਇੱਕੋ ਹਾਂ। ਤੁਹਾਡੀਆਂ ਸਮੱਸਿਆਵਾਂ, ਸਾਡੀਆਂ ਸਮੱਸਿਆਵਾਂ ਹਨ।’’ ਨਗਰ ਨਿਗਮ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਮੇਅਰ ਸੁਮਨ ਅਤੇ ਵਧੀਕ ਨਗਰ ਕਮਿਸ਼ਨਰ ਧੀਰਜ ਕੁਮਾਰ ਨੇ ਸਫ਼ਾਈ ਕਾਮਿਆਂ ਨੂੰ ਦੀਵਾਲੀ ਦੌਰਾਨ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਰੱਖਣ ਦੇ ਨਿਰਦੇਸ਼ ਦਿੱਤੇ ਤੇ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਏ ਡੀ ਸੀ ਧੀਰਜ ਕੁਮਾਰ ਅਤੇ ਮੁੱਖ ਸੈਨੀਟੇਸ਼ਨ ਇੰਸਪੈਕਟਰ ਅਨਿਲ ਨੈਨ ਨੇ ਕਰਮਚਾਰੀਆਂ ਨੂੰ ਦੱਸਿਆ ਕਿ ਮੇਅਰ ਦੀ ਅਗਵਾਈ ਹੇਠ, ਨਗਰ ਨਿਗਮ ਕਮਿਸ਼ਨਰ ਮਹਾਬੀਰ ਪ੍ਰਸਾਦ ਨੇ ਸਫਾਈ ਕਰਮਚਾਰੀਆਂ ਦੇ ਬਕਾਏ ਸਬੰਧੀ ਫਾਈਲਾਂ ਦੀ ਪੜਤਾਲ ਕੀਤੀ ਹੈ ਜਿਸ ਤੋਂ ਬਾਅਦ ਫਾਈਲਾਂ ਡਾਇਰੈਕਟੋਰੇਟ ਨੂੰ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 2017 ਤੋਂ ਸਾਰੇ ਸਫ਼ਾਈ ਕਰਮਚਾਰੀਆਂ ਦੇ ਬਕਾਏ ਜਲਦੀ ਹੀ ਅਦਾ ਕਰ ਦਿੱਤੇ ਜਾਣਗੇ ਜਿਨ੍ਹਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਸਨ, ਉਨ੍ਹਾਂ ਨੂੰ ਵੀ ਦੀਵਾਲੀ ਤੋਂ ਪਹਿਲਾਂ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਨਗਰ ਨਿਗਮ ਕਰਮਚਾਰੀ ਸੰਘ ਯਮੁਨਾਨਗਰ ਇਕਾਈ ਦੇ ਪ੍ਰਧਾਨ ਪਪਲਾ, ਸੀਨੀਅਰ ਉਪ ਪ੍ਰਧਾਨ ਰਾਮੇਸ਼ ਕੁਮਾਰ ਟੋਡਰਪੁਰ, ਸੂਬਾ ਜਨਰਲ ਸਕੱਤਰ ਮੰਗੇਰਾਮ ਤੇ ਜੋਤ ਸਿੰਘ ਆਦਿ ਨੇ ਸੰਬੋਧਨ ਕੀਤਾ।