ਬੰਨੋ ਮਾਈ ਚੌਕ ਦੇ ਓਵਰਬਰਿੱਜ ਥੱਲੇ ਨਾਜਾਇਜ਼ ਕਬਜ਼ਿਆਂ ਕਾਰਨ ਜਾਮ
ਬਨੂੜ, 15 ਜੂਨ
ਸ਼ਹਿਰ ਵਿੱਚੋਂ ਲੰਘਦੇ ਕੌਮੀ ਮਾਰਗ ਦੇ ਬੰਨੋ ਮਾਈ ਚੌਕ ਹੇਠਲੇ ਓਵਰਬਰਿੱਜ ਥੱਲੇ ਰੇਹੜੀਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਅਤੇ ਗੱਡੀਆਂ ਦੀ ਕੀਤੀ ਜਾਂਦੀ ਗਲਤ ਪਾਰਕਿੰਗ ਦਾ ਖ਼ਮਿਆਜ਼ਾ ਇੱਥੋਂ ਲੰਘਦੇ ਸੈਂਕੜੇ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ। ਲੰਘੇ ਦਿਨੀਂ ਇੱਕ ਕਾਰ ਨੂੰ ਗਲਤ ਤਰੀਕੇ ਪਾਰਕ ਕੀਤੇ ਜਾਣ ਕਾਰਨ ਕਾਫ਼ੀ ਸਮਾਂ ਇੱਕ ਕਿਲੋਮੀਟਰ ਲੰਮਾ ਜਾਮ ਲੱਗਿਆ ਰਿਹਾ ਅਤੇ ਰਾਹਗੀਰਾਂ ਨੇ ਕਾਰ ਨੂੰ ਹੱਥ ਨਾਲ ਚੁੱਕ ਕੇ ਰਸਤੇ ਵਿੱਚੋਂ ਪਾਸੇ ਹਟਾਇਆ ਅਤੇ ਆਵਾਜਾਈ ਚਾਲੂ ਕਰਾਈ।
ਇਸ ਓਵਰਬਰਿੱਜ ਥੱਲੇ ਕਈ ਦੁਕਾਨਦਾਰਾਂ ਦੇ ਪੱਕੇ ਕਬਜ਼ੇ ਕੀਤੇ ਹੋਏ ਹਨ। ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਸਾਰਾ ਕੰਮ ਹੀ ਓਵਰਬਰਿੱਜ ਦੇ ਥੱਲੇ ਹੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਥੇ ਦਰਜਨਾਂ ਰੇਹੜੀਆਂ ਵਾਲਿਆਂ ਨੇ ਜ਼ਿਆਦਾਤਰ ਥਾਂ ’ਤੇ ਕਬਜ਼ਾ ਕੀਤਾ ਹੋਇਆ ਹੈ।
ਬੰਨੋ ਮਾਈ ਚੌਕ ਦੇ ਨੇੜੇ ਮੁੱਖ ਬਾਜ਼ਾਰ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕੀਂ ਖ਼ਰੀਦੋ-ਫ਼ਰੋਖ਼ਤ ਕਰਨ ਆਉਂਦੇ ਹਨ। ਓਵਰ ਬਰਿੱਜ ਦੇ ਥੱਲੇ ਵਾਹਨਾਂ ਦੀ ਪਾਰਕਿੰਗ ਵਾਲੀ ਥਾਂ ਉੱਤੇ ਦੁਕਾਨਦਾਰਾਂ ਅਤੇ ਰੇਹੜੀਆਂ ਦੇ ਕਬਜ਼ੇ ਕਾਰਨ ਵਾਹਨ ਚਾਲਕ ਆਪਣੀਆਂ ਗੱਡੀਆਂ ਸੜਕ ਨੇੜੇ ਜਿੱਥੇ ਥਾਂ ਮਿਲਦੀ ਹੈ, ਉੱਥੇ ਹੀ ਖੜ੍ਹਾ ਕਰ ਦਿੰਦੇ ਹਨ। ਜ਼ੀਰਕਪੁਰ ਅਤੇ ਚੰਡੀਗੜ੍ਹ, ਮੁਹਾਲੀ ਜਾਣ ਵਾਲੀ ਆਵਾਜਾਈ ਤਾਂ ਓਵਰਬਰਿੱਜ ਦੇ ਉਪਰੋਂ ਲੰਘ ਜਾਂਦੇ ਹਨ ਪਰ ਲਾਂਡਰਾਂ-ਖਰੜ, ਹਿਮਾਚਲ ਅਤੇ ਸ਼ੰਭੂ-ਅੰਬਾਲੇ ਵੱਲ ਜਾਣ ਵਾਲੀ ਆਵਾਜਾਈ ਨੂੰ ਓਵਰਬਰਿੱਜ ਦੇ ਥੱਲਿਓਂ ਸਰਵਿਸ ਰੋਡ ਨੂੰ ਲੰਘਣਾ ਪੈਂਦਾ ਹੈ। ਉਨ੍ਹਾਂ ਨੂੰ ਬੰਨੋ ਮਾਈ ਚੌਕ ਕੋਲ ਰੋਜ਼ਾਨਾ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਮਾਮਲੇ ਨੂੰ ਹੱਲ ਕਰਨ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ।