ਝੱਖੜ: ਮਾਲਵਾ ਖੇਤਰ ’ਚ ਖੇਤਾਂ ’ਚ ਵਿਛੀ ਝੋਨੇ ਦੀ ਫ਼ਸਲ
ਵਾਢੀ ਅਤੇ ਤੁਲਾਈ ਦਾ ਕੰਮ ਬੰਦ ਹੋਇਆ; ਮੰਡੀਆਂ ’ਚ ਝੋਨਾ ਭਿੱਜਿਆ, ਖ਼ਰੀਦ ਪ੍ਰਭਾਵਿਤ
ਮਾਲਵਾ ਖੇਤਰ ਵਿੱਚ ਮੀਂਹ ਅਤੇ ਝੱਖੜ ਕਾਰਨ ਖੇਤਾਂ ਵਿਚ ਝੋਨੇ ਦੀ ਕੰਬਾਈਨਾਂ ਨਾਲ ਵਾਢੀ ਦਾ ਕੰਮ-ਕਾਜ ਰੁਕ ਗਿਆ ਹੈ, ਜਦੋਂ ਕਿ ਆਨਾਜ ਮੰਡੀਆਂ ਵਿੱਚ ਵਿਕਣ ਲਈ ਪੁੱਜਿਆ ਝੋਨਾ ਪੂਰੇ ਪ੍ਰਬੰਧ ਨਾ ਹੋਣ ਕਾਰਨ ਭਿੱਜ ਗਿਆ ਹੈ। ਮੀਂਹ ਨੇ ਅਨਾਜ ਮੰਡੀਆਂ ਵਿਚ ਝੋਨੇ ਦੀ ਤੁਲਾਈ, ਝਰਾਈ ਦਾ ਕੰਮ ਵੀ ਠੱਪ ਕਰਕੇ ਰੱਖ ਦਿੱਤਾ ਹੈ, ਜਦੋਂ ਕਿ ਅਨਾਜ ਮੰਡੀਆਂ ਵਿੱਚ ਨੀਲੇ ਅਸਮਾਨ ਥੱਲੇ ਝੋਨਾ ਮੀਂਹ ਦੇ ਪਾਣੀ ਨਾਲ ਭਿੱਜ ਗਿਆ ਹੈ।
ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਨਾ ਝੋਨੇ ਦੀ ਵਾਢੀ ਹੋਈ ਅਤੇ ਨਾ ਹੀ ਕਿਸੇ ਖਰੀਦ ਕੇਂਦਰ ਵਿੱਚ ਤੁਲਾਈ ਦਾ ਕੰਮ ਚੱਲ ਸਕਿਆ। ਅਨੇਕਾਂ ਮੰਡੀਆਂ ਵਿੱਚ ਆੜ੍ਹਤੀਆਂ ਕੋਲ ਤਰਪਾਲਾਂ ਦਾ ਪ੍ਰਬੰਧ ਨਾ ਹੋਣ ਕਾਰਨ ਵਿਕਣ ਲਈ ਆਇਆ ਝੋਨਾ ਭਿੱਜ ਗਿਆ। ਅੱਜ ਕਿਸੇ ਵੀ ਮੰਡੀ ਵਿਚ ਬੋਲੀ ਨਾ ਲੱਗਣ ਕਰਕੇ ਝੋਨੇ ਦੀ ਖ਼ਰੀਦ ਦਾ ਕੰਮ ਅੱਧ-ਵਿਚਾਲੇ ਲਟਕ ਗਿਆ ਹੈ।
ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਅਤੇ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਵੱਖ-ਵੱਖਰੇ ਤੌਰ ’ਤੇ ਦੱਸਿਆ ਕਿ ਮੰਡੀਆਂ ਵਿੱਚ ਪੁੱਜਿਆ ਝੋਨਾ ਮੀਂਹ ਨਾਲ ਭਿੱਜਣ ਕਰਕੇ ਬੋਲੀ ਦੇ ਯੋਗ ਨਾ ਰਹਿਣ ਕਾਰਨ ਅੱਜ ਕਿਸੇ ਪਾਸੇ ਬੋਲੀ ਨਹੀਂ ਲੱਗ ਸਕੀ। ਉਨ੍ਹਾਂ ਕਿਹਾ ਕਿ ਜਿਹੜਾ ਝੋਨਾ ਸਫ਼ਾਈ ਕਰਕੇ ਸ਼ੈੱਡਾਂ ਥੱਲੇ ਰੱਖਿਆ ਹੋਇਆ ਸੀ, ਉਹ ਵੀ ਸਿੱਲ੍ਹ ਫੜ੍ਹਨ ਕਰਕੇ ਬੋਲੀ ਦੇ ਲਾਇਕ ਨਹੀਂ ਰਹਿ ਸਕਿਆ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਦੂਰ-ਦੂਰ ਪਏ ਇਸ ਮੀਂਹ ਦੀ ਸਲਾਬ ਕਾਰਨ ਖੇਤਾਂ ਵਿੱਚ ਕੰਬਾਇਨਾਂ ਦਾ ਕੰਮ ਅਗਲੇ ਦੋ-ਤਿੰਨ ਦਿਨ ਨਹੀਂ ਚੱਲ ਸਕੇਗਾ, ਜਦੋਂ ਕਿ ਅਨੇਕਾਂ ਖੇਤਾਂ ਵਿੱਚ ਪੱਕੇ ਹੋਏ ਝੋਨੇ ਨੂੰ ਝੱਖੜ ਨੇ ਧਰਤੀ ਦੇ ਨਿਸਾਲ ਧਰਿਆ ਹੈ, ਜਿਸ ਦੇ ਹੁਣ ਖੜ੍ਹੇ ਹੋਣ ਦੀ ਕੋਈ ਉਮੀਦ ਦਿਖਾਈ ਨਹੀਂ ਦਿੰਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਮੰਨਿਆ ਕਿ ਮੀਂਹ ਨੇ ਸਾਉਣੀ ਦੀਆਂ ਪੱਕ ਰਹੀਆਂ ਫਸਲਾਂ ਦੀ ਵਾਢੀ ਦਾ ਕੰਮ ਖਿਲਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਧੁੱਪਾਂ ਲੱਗਣ ਦਾ ਸਮਾਂ ਸੀ ਪਰ ਤੇਜ਼ ਝੱਖੜ ਨੇ ਪੱਕੀ ਹੋਈ ਫ਼ਸਲ ਦਾ ਨੁਕਸਾਨ ਕਰ ਦਿੱਤਾ ਹੈ, ਜਿਸ ਨਾਲ ਫ਼ਸਲ ਦੀ ਵਾਢੀ ਦਾ ਕਾਰਜ ਕਈ ਦਿਨਾਂ ਲਈ ਪ੍ਰਭਾਵਤ ਹੋਇਆ ਹੈ।
ਤਪਾ ਮੰਡੀ (ਸੀ ਮਾਰਕੰਡਾ): ਅੱਜ ਸਵੇਰੇ ਪਏ ਮੀਂਹ ਅਤੇ ਝੱਖੜ ਨੇ ਖੇਤਾਂ ’ਚ ਖੜ੍ਹੀ ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ, ਜਦ ਕਿ ਝੋਨਾ ਪੱਕ ਕੇ ਵਾਢੀ ਲਈ ਤਿਆਰ ਸੀ। ਮੀਂਹ ਨੇ ਜਿੱਥੇ ਵਾਢੀ ਨੂੰ ਕੁੱਝ ਦਿਨਾਂ ਲਈ ਪਿੱਛੇ ਕਰ ਦਿੱਤਾ ਹੈ, ਉਥੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਡਿੱਗ ਪਈ ਹੈ ਅਤੇ ਖੇਤਾਂ ਵਿੱਚ ਵਿਛ ਗਈ ਹੈ, ਜਿਸ ਨੂੰ ਕੰਬਾੲਇਨਾਂ ਨਾਲ ਕੱਟਣਾ ਵੀ ਮੁਸ਼ਕਲ ਹੋ ਜਾਵੇਗਾ। ਕੁੱਝ ਅਗੇਤੀ ਕਿਸਮ ਦੀਆਂ ਇੱਕਾ-ਦੁੱਕਾ ਝੋਨੇ ਦੀਆਂ ਢੇਰੀਆਂ ਜੋ ਵਿਕਣ ਲਈ ਅਨਾਜ ਮੰਡੀ ’ਚ ਆਈਆਂ ਸਨ, ਉਹ ਵੀ ਮੀਂਹ ਦੇ ਪਾਣੀ ਨਾਲ ਭਿੱਜ ਗਈਆਂ ਹਨ। ਝੋਨੇ ਦੀ ਫ਼ਸਲ ’ਚ ਸਿੱਲ੍ਹ ਦੀ ਮਾਤਰਾ ਵੱਧ ਜਾਣ ਕਾਰਨ ਸਰਕਾਰੀ ਖਰੀਦ ਏਜੰਸੀਆਂ ਬੋਲੀ ਲਾਉਣ ਤੋਂ ਟਾਲ-ਮਟੋਲ ਕਰ ਰਹੀਆਂ ਹਨ।
ਸਿਰਸਾ (ਪ੍ਰਭੂ ਦਿਆਲ): ਇਲਾਕੇ ਵਿੱਚ ਆਏ ਮੀਂਹ ਤੇ ਤੇਜ਼ ਝੱਖੜ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਮੰਡੀਆਂ ’ਚ ਖੁਲ੍ਹੇ ਅਸਮਾਨ ਹੇਠਾਂ ਪਈਆਂ ਝੋਨੇ ਦੀਆਂ ਢੇਰੀਆਂ ਵੀ ਮੀਂਹ ਨਾਲ ਭਿੱਜ ਗਈਆਂ ਹਨ। ਝੱਖੜ ਨਾਲ ਖੇਤਾਂ ਵਿੱਚ ਪੱਕੇ ਝੋਨੇ ਨੂੰ ਜਿਥੇ ਨੁਕਸਾਨ ਪੁੱਜਿਆ ਹੈ ਉਥੇ ਵੀ ਮੰਡੀਆਂ ਵਿੱਚ ਆਇਆ ਝੋਨਾ ਵੀ ਭਿੱਜ ਗਿਆ ਹੈ। ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਝੱਖੜ ਨਾਲ ਝੋਨੇ ਦੀ ਪੱਕੀ ਫ਼ਸਲ ਨੂੰ ਵੱਧ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਖਿੜੇ ਨਰਮੇ ਦੀ ਫ਼ਸਲ ਵੀ ਨੁਕਸਾਨੀ ਗਈ ਹੈ।
ਨੁਕਸਾਨੀ ਫ਼ਸਲ ਲਈ ਮੁਆਵਜ਼ਾ ਮੰਗਿਆ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਹਲਕੇ ਦੇ ਪਿੰਡ ਸਹੌਰ ਵਿੱਚ ਅੱਜ ਸਵੇਰੇ 4 ਵਜੇ ਤੋਂ 6 ਵਜੇ ਤੱਕ ਹੋਈ ਭਾਰੀ ਬਰਸਾਤ, ਤੇਜ਼ ਹਨੇਰੀ ਅਤੇ ਗੜ੍ਹੇਮਾਰੀ ਨੇ ਪੱਕਣ ਅਧੀਨ ਝੋਨੇ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਿੰਡ ਦੇ ਸਰਪੰਚ ਲਖਵੀਰ ਸਿੰਘ ਸਹੌਰ, ਪੰਚ ਮਲਕੀਤ ਸਿੰਘ, ਸਾਬਕਾ ਪੰਚ ਗੁਰਦੀਪ ਸਿੰਘ ਝੱਲੀ, ਤੇ ਕਿਸਾਨ ਮਹਿੰਦਰ ਸਿੰਘ, ਗੁਰਬਚਨ ਸਿੰਘ, ਚਮਕੌਰ ਸਿੰਘ, ਜਗਰਾਜ ਸਿੰਘ ਅਤੇ ਕਪੂਰ ਸਿੰਘ ਨੇ ਦੱਸਿਆ ਕਿ ਗੜ੍ਹਿਆਂ ਕਾਰਨ ਪਿੰਡ ਦੇ ਲਗਭਗ 500 ਏਕੜ ਖੇਤਰ ਵਿੱਚ ਝੋਨੇ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਗੜ੍ਹੇਮਾਰੀ ਨਾਲ ਦਾਣੇ ਝੜ ਕੇ ਖੇਤਾਂ ਵਿੱਚ ਡਿੱਗ ਗਏ ਹਨ, ਜਿਸ ਨਾਲ 30 ਫ਼ੀਸਦੀ ਤੱਕ ਦੀ ਝਾੜ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ ਤੇ ਹੁਣ ਇਸ ਕੁਦਰਤੀ ਆਫ਼ਤ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਨੁਕਸਾਨ ਦੀ ਰਿਪੋਰਟ ਤੁਰੰਤ ਤਿਆਰ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਅਗਲਾ ਬੀਜਣ ਸੀਜ਼ਨ ਜਾਰੀ ਰੱਖ ਸਕਣ।
ਸੈਂਕੜੇ ਦਰੱਖਤ ਡਿੱਗੇ; ਬਿਜਲੀ ਸਪਲਾਈ ਤੇ ਆਵਾਜਾਈ ਠੱਪ
ਸਾਦਿਕ (ਪ੍ਰਸ਼ੋਤਮ ਕੁਮਾਰ): ਇੱਥੇ ਦੇਰ ਰਾਤ ਆਏ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਵਾਵਾਂ ਨਾਲ ਸੈਂਕੜੇ ਦਰੱਖਤ ਡਿੱਗ ਪਏ, ਜਿਸ ਕਾਰਨ ਸਾਦਿਕ-ਫ਼ਰੀਦਕੋਟ ਰੋਡ ਤੇ ਜੰਡ ਸਾਹਿਬ ਰੋਡ ਸਣੇ ਕਈ ਲਿੰਕ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਮੁੱਖ ਰਸਤੇ ਬੰਦ ਹੋਣ ਕਾਰਨ ਲੋਕਾਂ ਨੂੰ ਹੋਰ ਬਦਲਵੇਂ ਰਾਹਾਂ ਤੋਂ ਲੰਘਣਾ ਪਿਆ। ਇਸੇ ਤਰ੍ਹਾਂ ਕਈ ਬਿਜਲੀ ਦੇ ਖੰਭੇ ਵੀ ਡਿੱਗੇ, ਜਿਸ ਕਾਰਨ ਪੂਰੇ ਖੇਤਰ ਦੀ ਬਿਜਲੀ ਸਪਲਾਈ ਠੱਪ ਰਹੀ। ਕਈ ਥਾਈਂ ਵਹੀਕਲਾਂ ਤੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਜ ਸਵੇਰ ਤੱਕ ਬਿਜਲੀ ਵਿਭਾਗ ਦੀਆਂ ਟੀਮਾਂ ਵੱਲੋਂ ਬਿਜਲੀ ਲਾਈਨਾਂ ਦੀ ਮੁਰੰਮਤ ਤੇ ਦਰੱਖਤਾਂ ਨੂੰ ਹਟਾਉਣ ਦਾ ਕੰਮ ਜਾਰੀ ਸੀ। ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਰਹੇ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਵਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਦਰੱਖਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਡਿੱਗੇ ਰੁੱਖਾਂ ਦੀ ਸਫਾਈ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।