ਇੱਥੋਂ ਦੀ ਪੁਲੀਸ ਨੇ ਝੂਠੇ ਜਬਰ ਜਨਾਹ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਵਸੂਲਣ ਦੇ ਮਾਮਲੇ ਵਿੱਚ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਫਰੀਦਾਬਾਦ ਦੇ ਪਦਮ ਨਗਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਥਾਣਾ ਖੇੜੀਪੁਲ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਇੱਕ ਔਰਤ ਨੇ ਉਸ ਦੇ ਭਰਾ ਵਿਰੁੱਧ ਥਾਣੇ ਵਿੱਚ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਹੈ, ਔਰਤ ਅਤੇ ਉਸ ਦੀ ਕਥਿਤ ਭਰਜਾਈ ਨੇ ਉਸ ਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਕੇ ਪੰਜ ਤੋਂ ਛੇ ਲੱਖ ਰੁਪਏ ਦੀ ਮੰਗ ਕੀਤੀ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ, ਥਾਣਾ ਖੇੜੀਪੁਲ ਵਿੱਚ ਇੱਕ ਟੀਮ ਬਣਾਈ ਗਈ ਅਤੇ ਸਾਜ਼ਿਸ਼ ਵਿੱਚ ਸ਼ਾਮਲ ਔਰਤ ਅਨੁਪਮ (ਕਾਲਪਨਿਕ ਨਾਮ) ਨੂੰ ਪੰਜਾਬ ਹਜ਼ਾਰ ਰੁਪਏ ਦੀ ਫਿਰੌਤੀ ਲੈਂਦੇ ਫੜਿਆ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਖੇੜੀਪੁਲ ਪੁਲੀਸ ਸਟੇਸ਼ਨ ਦੀ ਟੀਮ ਨੇ ਕਾਰਵਾਈ ਕਰਦਿਆਂ ਅਨੁਪਮ ਅਤੇ ਭਟੇਰੀ ਨਿਵਾਸੀ ਦਿੱਲੀ, ਸਚਿਨ ਨਿਵਾਸੀ ਇੰਦਰਾ ਕੰਪਲੈਕਸ ਖੇੜੀਪੁਲ ਅਤੇ ਸੁਮਿਤ ਨਿਵਾਸੀ ਪਿੰਡ ਮਾਲਪੁਰ ਜ਼ਿਲ੍ਹਾ ਬੁਲੰਦਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਅਨੁਪਮ ਨੇ ਸਚਿਨ ਅਤੇ ਸੁਮਿਤ ਨਾਲ ਮਿਲ ਕੇ ਪੀੜਤ ਨੂੰ ਫਸਾਉਣ ਦੀ ਯੋਜਨਾ ਬਣਾਈ ਸੀ। ਜਿਸ ਤੋਂ ਬਾਅਦ ਅਨੁਪਮ ਅਤੇ ਭਟੇਰੀ ਨੇ ਪੀੜਤ ਤੋਂ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਮੰਗੇ ਅਤੇ ਪੰਜਾਹ ਹਜ਼ਾਰ ਰੁਪਏ ਲਏ।