ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਬਣੇ 10 ਮਹੀਨੇ ਹੋ ਗਏ ਹਨ,ਪਰ ਕਾਂਗਰਸ ਅਜੇ ਤੱਕ ਆਪਣੇ ਵਿਧਾਇਕ ਦਲ ਦਾ ਨੇਤਾ ਨਹੀਂ ਚੁਣ ਸਕੀ। ਉਨ੍ਹਾਂ ਕਿਹਾ ਕਿ ਇਹ ਸਾਫ਼ ਦੱਸਦਾ ਹੈ ਕਿ ਕਾਂਗਰਸ ਅੰਦਰ ਨਾ ਲੀਡਰਸ਼ਿਪ ਬਚੀ ਹੈ ਤੇ ਨਾ ਅਨੁਸ਼ਾਸਨ। ਆਉਂਦੇ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਕਾਂਗਰਸ ਨੇਤਾ ਭੂਪਿੰਦਰ ਸਿੰਘ ਹੁੱਡਾ ਵੱਲੋਂ ਮਸਲੇ ਚੁੱਕਣ ਦੇ ਬਿਆਨ ’ਤੇ ਸ੍ਰੀ ਵਿੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ, ਪਰ ਫਿਕਰ ਤਾਂ ਉਦੋਂ ਹੁੰਦੀ ਹੈ ਜਦੋਂ ਇਹ ਸਿਰਫ਼ ਹਾਜ਼ਰੀ ਲਗਾ ਕੇ ਚਲੇ ਜਾਂਦੇ ਹਨ। ਰਾਹੁਲ ਗਾਂਧੀ ਵੱਲੋਂ ਅਡਾਨੀ ‘ਤੇ ਲਗਾਤਾਰ ਟਿੱਪਣੀਆਂ ’ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ‘ਅਡਾਨੀ ਫੋਬੀਆ’ ਹੋ ਗਿਆ ਹੈ ਤੇ ਉਹ ਕਿਸੇ ਵੱਡੇ ਵਪਾਰੀ ਘਰਾਣੇ ਵੱਲੋਂ ਸਪਾਂਸਰ ਕੀਤੇ ਜਾ ਰਹੇ ਹਨ।