ਯਮੁਨਾ ਦੇ ਪਾਣੀ ਨੇ ਕੰਢੇ ਵਸੇ ਲੋਕਾਂ ਦੇ ਸਾਹ ਸੂਤੇ
ਯਮੁਨਾ ਵਿੱਚ 3 ਲੱਖ 40 ਹਜ਼ਾਰ ਕਿਊਸਿਕ ਪਾਣੀ ਆਉਣ ਤੋਂ ਬਾਅਦ, ਇਸ ਦਾ ਪ੍ਰਭਾਵ ਯਮੁਨਾਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵੇਖਣ ਨੂੰ ਮਿਲਿਆ ਹੈ। ਜਿਥੇ ਕਮਾਲਪੁਰ ਟਾਪੂ ਅਤੇ ਪੋਬਾਰੀ ਪਿੰਡਾਂ ਵਿੱਚ ਜ਼ਮੀਨ ਦੀ ਲਗਾਤਾਰ ਵਾਢੀ ਕਰਦਿਆਂ ਯਮੁਨਾ ਅੱਗੇ ਵੱਧ ਰਹੀ ਹੈ। ਕਮਾਲਪੁਰ ਟਾਪੂ ਵਿੱਚ ਯਮੁਨਾ ਪਿੰਡ ਤੋਂ ਸਿਰਫ਼ 200 ਮੀਟਰ ਦੂਰ ਰਹਿ ਗਈ ਹੈ ਅਤੇ ਜ਼ਮੀਨ ਦੀ ਵਾਢੀ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਜੇਕਰ ਹੋਰ ਪਾਣੀ ਆਉਂਦਾ ਹੈ ਤਾਂ ਇਹ ਪਿੰਡ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਦੇ ਨਾਲ ਹੀ ਸਿੰਚਾਈ ਵਿਭਾਗ ਵੱਲੋਂ ਕਟੌਤੀ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਪਿਛਲੇ ਸਾਲ ਵੀ ਅਜਿਹੇ ਹਾਲਾਤ ਪੈਦਾ ਹੋਣ ਤੋਂ ਬਾਅਦ ਪਿੰਡ ਦੀ 80% ਆਬਾਦੀ ਹਿਜਰਤ ਕਰ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਪਿਛਲੇ ਹੜ੍ਹਾਂ ਤੋਂ ਸਬਕ ਲੈਂਦਿਆਂ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਲਗਪਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਸਟੱਡ ਲਗਾਏ ਸਨ, ਜਿਸ ਨਾਲ ਕੁਝ ਸੁਰੱਖਿਆ ਮਿਲੀ ਹੈ, ਪਰ ਖ਼ਤਰਾ ਹਾਲੇ ਵੀ ਬਣਿਆ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ, ਪੂਰਾ ਪ੍ਰਸ਼ਾਸਨ ਅਲਰਟ ਮੋਡ ’ਤੇ ਹੈ।
ਪੁਲੀਸ ਸੁਪਰਡੈਂਟ ਕਮਲਦੀਪ ਗੋਇਲ ਨੇ ਕਿਹਾ ਕਿ ਸਾਰੇ ਪੁਲੀਸ ਸਟੇਸ਼ਨ ਇੰਚਾਰਜਾਂ ਨੂੰ ਯਮੁਨਾ ਦੇ ਨਾਲ-ਨਾਲ ਆਪਣੇ-ਆਪਣੇ ਖੇਤਰਾਂ ਵਿੱਚ ਤਾਇਨਾਤ ਰਹਿਣ, ਸਰਪੰਚਾਂ ਨਾਲ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਲਾਨੌਰ ਅੰਡਰਪਾਸ ’ਤੇ ਪਾਣੀ ਆ ਗਿਆ ਸੀ, ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ ਪੈ ਰਹੇ ਭਾਰੀ ਮੀਂਹ ਨਾਲ ਸ਼ਹਿਰੀ ਖੇਤਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਰੱਖਣ ਲਈ ਨਗਰ ਨਿਗਮ ਦੇ ਸਫਾਈ ਕਰਮਚਾਰੀ ਵੀ ਨਾਲੇ, ਨਾਲੀਆਂ ਅਤੇ ਸੀਵਰੇਜ਼ ਵਿੱਚੋਂ ਬਲਾਕਜ਼ ਖਤਮ ਕਰਨ ਵਿੱਚ ਜੁਟੇ ਦਿਖਾਈ ਦੇ ਰਹੇ ਹਨ। ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਟੀਮਾਂ ਵੱਖ ਵੱਖ ਵਾਰਡਾਂ ਵਿੱਚ ਤੈਨਾਤ ਹਨ। ਮੇਅਰ ਨੇ ਲੋਕਾਂ ਨੂੰ ਇਸ ਮੌਸਮ ਵਿੱਚ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ।
ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਪੁਲੀਸ ਸੁਪਰਡੈਂਟ ਕਮਲਦੀਪ ਗੋਇਲ, ਸਿੰਚਾਈ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਆਰ ਐੱਸ ਮਿੱਤਲ ਅਤੇ ਹੋਰ ਅਧਿਕਾਰੀਆਂ ਨੇ ਕਮਾਲਪੁਰ ਟਾਪੂ ਅਤੇ ਪੋਬਾਰੀ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਿਹਾ ਕਿ ਦੋ ਦਿਨਾਂ ਵਿੱਚ ਭਾਰੀ ਮੀਂਹ ਕਾਰਨ ਯਮੁਨਾ ਦੇ ਪਾਣੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਸਮੇਂ ਆਬਾਦੀ ਵਿੱਚ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ’ਤੇ ਯਮੁਨਾ ਦੇ ਤੇਜ਼ ਵਹਾਅ ਨੇ ਕਿਨਾਰਿਆਂ ਨੂੰ ਖੋਰਾ ਲਗਾਇਆ ਹੈ, ਉੱਥੇ ਮਿੱਟੀ ਦੀਆਂ ਬੋਰੀਆਂ ਪਾ ਕੇ ਕਟੌਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯਮੁਨਾ ਦੇ ਨਾਲ ਲਗਦੇ ਲਗਪਗ 125 ਪਿੰਡਾਂ ਵਿੱਚ ਯਮੁਨਾ ਤੋਂ ਦੂਰ ਰਹਿਣ ਲਈ ਐਲਾਨ ਕੀਤੇ ਜਾ ਰਹੇ ਹਨ ਅਤੇ ਪ੍ਰਭਾਵਿਤ ਪਿੰਡਾਂ ਵਿੱਚ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਹਾਦਸਾ ਨਾ ਵਾਪਰੇ।