DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾ ਮੁਖੀ 20 ਦਿਨ ਦੀ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ

ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਸ਼ਰਤਾਂ ਤਹਿਤ ਮਿਲੀ ਪੈਰੋਲ
  • fb
  • twitter
  • whatsapp
  • whatsapp
Advertisement

ਚੰਡੀਗੜ੍ਹ, 2 ਅਕਤੂਬਰ

ਪੱਤਰਕਾਰ ਦੀ ਹੱਤਿਆ ਅਤੇ ਜਬਰ-ਜਨਾਹ ਦਾ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 20 ਦਿਨ ਦੀ ਪੈਰੋਲ ’ਤੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਅੱਜ ਬਾਹਰ ਆ ਗਿਆ। ਉਹ ਇਸ ਵਕਫ਼ੇ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ’ਚ ਡੇਰੇ ਦੇ ਬਰਨਾਵਾ ਆਸ਼ਰਮ ’ਚ ਰਹੇਗਾ। ਇਕ ਅਧਿਕਾਰੀ ਨੇ ਕਿਹਾ ਕਿ ਡੇਰਾ ਮੁਖੀ ਅੱਜ ਸਵੇਰੇ ਭਾਰੀ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਆਇਆ ਅਤੇ ਸਿੱਧੇ ਯੂਪੀ ਲਈ ਰਵਾਨਾ ਹੋ ਗਿਆ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਉਸ ਨੂੰ ਕੁਝ ਸ਼ਰਤਾਂ ਨਾਲ ਪੈਰੋਲ ਮਿਲੀ ਹੈ। ਹਰਿਆਣਾ ’ਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਹਰਿਆਣਾ ਸਰਕਾਰ ਨੇ ਉਸ ਨੂੰ ਚੋਣਾਂ ਨਾਲ ਸਬੰਧਤ ਸਰਗਰਮੀਆਂ ’ਚ ਹਿੱਸਾ ਨਾ ਲੈਣ ਦੀ ਸ਼ਰਤ ’ਤੇ 20 ਦਿਨ ਦੀ ਪੈਰੋਲ ਦਿੱਤੀ ਹੈ। ਡੇਰਾ ਮੁਖੀ ਨੂੰ ਆਪਣੀਆਂ ਦੋ ਪੈਰੋਕਾਰਾਂ ਨਾਲ ਜਬਰ-ਜਨਾਹ ਦੇ ਮਾਮਲੇ ’ਚ 2017 ’ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਅਤੇ ਤਿੰਨ ਹੋਰਾਂ ਨੂੰ ਕਰੀਬ 16 ਸਾਲ ਪਹਿਲਾ ਇਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ’ਚ ਵੀ 2019 ’ਚ ਦੋਸ਼ੀ ਠਹਿਰਾਇਆ ਗਿਆ ਸੀ। -ਪੀਟੀਆਈ

Advertisement

ਡੇਰਾ ਮੁਖੀ ਨੂੰ ਪੈਰੋਲ ਨਾਲ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗੜੇ

ਚੰਡੀਗੜ੍ਹ (ਆਤਿਸ਼ ਗੁਪਤਾ):

ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਜਬਰ-ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ 20 ਦਿਨਾਂ ਦੀ ਪੈਰੋਲ ਮਿਲਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਆਸ਼ਰਮ ਪਹੁੰਚ ਗਿਆ। ਡੇਰਾ ਮੁਖੀ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਪੈਰੋਲ ਦਿੱਤੇ ਜਾਣ ਨਾਲ ਸੂਬੇ ਦੀ ਸਿਆਸਤ ਗਰਮਾ ਗਈ ਹੈ। ਡੇਰਾ ਮੁਖੀ ਨੂੰ ਪੈਰੋਲ ਨਾਲ ਸਾਰੀਆਂ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਹਿਲ ਗਈਆਂ ਹਨ। ਮੁੱਖ ਡੇਰਾ ਸਿਰਸਾ ਵਿੱਚ ਹੋਣ ਕਰਕੇ ਸੂਬੇ ਦੀਆਂ ਕੁਲ 90 ਅਸੈਂਬਲੀ ਸੀਟਾਂ ਵਿੱਚੋਂ ਬਹੁਤੀਆਂ ’ਤੇ ਡੇਰਾ ਮੁਖੀ ਦਾ ਪ੍ਰਭਾਵ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦੇ ਪੈਰੋਲ ’ਤੇ ਬਾਹਰ ਆਉਣ ਮਗਰੋਂ ਡੇਰੇ ਦੇ ਮੈਂਬਰ ਵੀ ਸਰਗਰਮ ਹੋ ਗਏ ਹਨ, ਜਿਨ੍ਹਾਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਵਿਸ਼ੇਸ਼ ਰੋਲ ਅਦਾ ਕੀਤਾ ਜਾ ਸਕਦਾ ਹੈ। ਹਾਲਾਂਕਿ ਡੇਰਾ ਸਿਰਸਾ ਦੇ ਆਗੂਆਂ ਨੇ ਚੋਣ ਸਰਗਰਮੀਆਂ ਤੋਂ ਦੂਰ ਰਹਿਣ ਦੀ ਗੱਲ ਆਖੀ ਹੈ। ਕਾਂਗਰਸ ਪਾਰਟੀ ਨੇ ਵੀ ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ’ਤੇ ਸਵਾਲ ਚੁੱਕੇ ਹਨ। ਉਂਝ ਡੇਰਾ ਮੁਖੀ ਨੂੰ ਕੋਈ ਪਹਿਲੀ ਵਾਰ ਪੈਰੋਲ ਜਾਂ ਫਰਲੋ ਨਹੀਂ ਮਿਲੀ ਹੈ। ਉਹ ਪਹਿਲਾਂ ਵੀ ਕਈ ਵਾਰ ਪੈਰੋਲ ਤੇ ਫਰਲੋ ਰਾਹੀਂ ਜੇਲ੍ਹ ਵਿੱਚੋਂ ਬਾਹਰ ਆ ਚੁੱਕਾ ਹੈ। ਡੇਰਾ ਸਿਰਸਾ ਮੁਖੀ ਨੂੰ ਸਾਲ 2022 ਵਿੱਚ ਵੀ ਪੰਜਾਬ ਤੇ ਯੂਪੀ ਸਣੇ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਉਸ ਸਮੇਂ ਡੇਰਾ ਸਿਰਸਾ ਮੁਖੀ ਨੂੰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਕਰਕੇ ਬਰਨਾਵਾ ਦੀ ਥਾਂ ਗੁਰੂਗ੍ਰਾਮ ਸਥਿਤ ਡੇਰੇ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਸਨ।

Advertisement
×