ਇੱਕੋ ਦਿਨ ਉੱਠੀਆਂ ਪਿਓ-ਪੁੱਤ ਦੀਆਂ ਅਰਥੀਆਂ
ਜਗਤਾਰ ਸਮਾਲਸਰ
ਹਲਕੇ ਦੇ ਪਿੰਡ ਰੂਪਾਵਾਸ ਵਿੱਚ ਅੱਜ ਨੌਜਵਾਨ ਦੀ ਬਿਮਾਰੀ ਕਾਰਨ ਮੌਤ ਹੋ ਗਈ। ਪੁੱਤਰ ਦੀ ਮੌਤ ਦੇ ਗਮ ਨੂੰ ਨਾ ਸਹਾਰਦੇ ਹੋਏ ਅੰਤਿਮ ਸੰਸਕਾਰ ਮਗਰੋਂ ਮ੍ਰਿਤਕ ਦੇ ਪਿਓ ਦੀ ਵੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰੇਸ਼ ਕੁਮਾਰ (37) ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਕੁਝ ਘੰਟਿਆਂ ਬਾਅਦ ਉਸ ਦੇ ਪਿਓ ਪ੍ਰਭੂ ਦਿਆਲ (58) ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਸੁਰੇਸ਼ ਕੁਮਾਰ ਕਈ ਦਿਨਾਂ ਤੋਂ ਬਿਮਾਰ ਸੀ। ਸਵੇਰੇ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਅਤੇ ਪਿੰਡ ਵਾਸੀ ਸੁਰੇਸ਼ ਕੁਮਾਰ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਘਰ ਵਾਪਸ ਆਏ ਤਾਂ ਉਸ ਤੋਂ ਥੋੜ੍ਹੀ ਦੇਰ ਬਾਅਦ ਸੁਰੇਸ਼ ਦੇ ਪਿਓ ਪ੍ਰਭੂ ਦਿਆਲ ਦੀ ਸਿਹਤ ਵੀ ਅਚਾਨਕ ਵਿਗੜ ਗਈ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ਾਮ ਨੂੰ ਪਿੰਡ ਵਾਸੀਆਂ ਨੇ ਪ੍ਰਭੂ ਦਿਆਲ ਦਾ ਸਸਕਾਰ ਵੀ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ।
ਸੁਰੇਸ਼ ਕੁਮਾਰ ਦੇ ਪਰਿਵਾਰ ਦੀ ਵਿੱਤੀ ਹਾਲਤ ਵੀ ਚੰਗੀ ਨਹੀਂ ਹੈ। ਸੁਰੇਸ਼ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਹਨ। ਪ੍ਰਭੂ ਦਿਆਲ ਦੇ ਕੁੱਲ ਪੰਜ ਬੱਚੇ ਹਨ, ਜਿਨ੍ਹਾਂ ਵਿੱਚੋਂ ਸੁਰੇਸ਼ ਸਭ ਤੋਂ ਵੱਡਾ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਪਰਿਵਾਰ ਦੀ ਵਿੱਤੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ।