Tennis Star’s Murder: 'ਰੀਲਾਂ' ਕਾਰਨ ਨਹੀਂ ਹੋਇਆ ਟੈਨਿਸ ਖਿਡਾਰਨ ਰਾਧਿਕਾ ਦਾ ਕਤਲ; ਮਾਂ ਦੀ ਖ਼ਾਮੋਸ਼ੀ ਭੇਤ ਬਣੀ
ਪੁਲੀਸ ਦਾ ਕਹਿਣਾ ਹੈ ਕਿ ਰਾਧਿਕਾ ਤੇ ਉਸਦੇ ਪਿਤਾ ਵਿਚਕਾਰ ਰਾਧਿਕਾ ਦੀ ਟੈਨਿਸ ਅਕੈਡਮੀ ਕਾਰਨ ਚੱਲ ਰਿਹਾ ਸੀ ਝਗੜਾ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 11 ਜੁਲਾਈ
ਸਾਬਕਾ ਸੂਬਾ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ (25) ਨੂੰ ਵੀਰਵਾਰ ਦੁਪਹਿਰ ਵੇਲੇ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਸਥਿਤ ਉਨ੍ਹਾਂ ਦੇ ਘਰ ਵਿਚ ਕਥਿਤ ਤੌਰ 'ਤੇ ਉਸ ਦੇ ਪਿਤਾ ਦੀਪਕ ਯਾਦਵ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਹੱਤਿਆ ਨੂੰ ਉਸਦੇ ਇੰਸਟਾਗ੍ਰਾਮ ਰੀਲਾਂ ਬਣਾਉਣ ਨਾਲ ਜੋੜਨ ਦੇ ਸ਼ੁਰੂਆਤੀ ਦਾਅਵਿਆਂ ਦੇ ਉਲਟ ਪੁਲੀਸ ਨੇ ਹੁਣ ਇੱਕ ਹੋਰ ਪਰੇਸ਼ਾਨਕੂਨ ਕਾਰਨ ਦਾ ਖੁਲਾਸਾ ਕੀਤਾ ਹੈ।
ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਕਤਲ ਰਾਧਿਕਾ ਅਤੇ ਉਸ ਦੇ ਪਿਤਾ ਵਿਚਕਾਰ ਉਸ ਟੈਨਿਸ ਅਕੈਡਮੀ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਹੋਇਆ ਸੀ, ਜਿਸ ਨੂੰ ਰਾਧਿਕਾ ਚਲਾ ਰਹੀ ਸੀ। ਦੀਪਕ ਕਥਿਤ ਤੌਰ 'ਤੇ ਅਕੈਡਮੀ ਦੇ ਪ੍ਰਬੰਧਨ ਤੋਂ ਨਾਖੁਸ਼ ਸੀ, ਸਮਾਜਿਕ ਦਬਾਅ ਅਤੇ ਰਿਸ਼ਤੇਦਾਰਾਂ ਦੇ ਤਾਅਨਿਆਂ-ਮਿਹਣਿਆਂ ਤੋਂ ਨਿਰਾਸ਼ ਸੀ ਜੋ ਉਸ ਦਾ ਇਕ ਕਹਿ ਕੇ ਮਜ਼ਾਕ ਉਡਾਉਂਦੇ ਸਨ ਕਿ ਉਹ ਆਪਣੀ ਧੀ ਦੇ ਪੈਸਿਆਂ ਉਤੇ ਨਿਰਭਰ ਹੈ।
ਰਿਪੋਰਟਾਂ ਦੇ ਅਨੁਸਾਰ ਸਹਾਇਕ ਪੁਲੀਸ ਕਮਿਸ਼ਨਰ ਯਸ਼ਵੰਤ ਯਾਦਵ ਨੇ ਕਿਹਾ, "ਉਹ (ਦੀਪਕ ਯਾਦਵ) ਚਾਹੁੰਦਾ ਸੀ ਕਿ ਉਹ ਅਕੈਡਮੀ ਬੰਦ ਕਰ ਦੇਵੇ, ਪਰ ਉਸਨੇ ਇਨਕਾਰ ਕਰ ਦਿੱਤਾ। ਉਸਨੇ ਅਖ਼ੀਰ ਇਸੇ ਵਿਵਾਦ ਕਾਰਨ ਉਸਨੂੰ ਗੋਲੀ ਮਾਰ ਦਿੱਤੀ।"
ਸੈਕਟਰ 56 ਪੁਲੀਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਇੱਕ ਐਫਆਈਆਰ ਵਿੱਚ ਦੀਪਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਘਟਨਾ ਤੋਂ 15 ਦਿਨਾਂ ਪਹਿਲਾਂ ਤੋਂ ਉਦਾਸ ਸੀ। ਲਗਾਤਾਰ ਆਲੋਚਨਾ ਕਾਰਨ ਉਹ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ।
ਗੋਲੀਬਾਰੀ ਪਰਿਵਾਰ ਦੀ ਰਸੋਈ ਵਿੱਚ ਹੋਈ। ਦੀਪਕ ਨੇ ਆਪਣੇ ਲਾਇਸੈਂਸਸ਼ੁਦਾ .32 ਬੋਰ ਰਿਵਾਲਵਰ ਨਾਲ ਰਾਧਿਕਾ 'ਤੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਤਿੰਨ ਗੋਲੀਆਂ ਉਸਦੀ ਪਿੱਠ ਵਿੱਚ ਲੱਗੀਆਂ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਉਸਨੂੰ ਥੋੜ੍ਹੀ ਦੇਰ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਰਾਧਿਕਾ ਦੀ ਮਾਂ ਨੇ ਘਟਨਾ ਵੇਲੇ ਘਰੇ ਨਾ ਹੋਣ ਦਾ ਕੀਤਾ ਦਾਅਵਾ
ਰਾਧਿਕਾ ਦੀ ਮਾਂ ਮੰਜੂ ਯਾਦਵ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਐਫਆਈਆਰ ਦੇ ਅਨੁਸਾਰ, ਉਸਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਬਿਮਾਰ ਸੀ ਅਤੇ ਘਰ ਵਿੱਚ ਨਹੀਂ ਸੀ।
ਐਫ਼ਆਈਆਰ ਮੁਤਾਬਕ ਘਰ ਵਿਚ ਹੀ ਸੀ ਮੰਜੂ ਯਾਦਵ
ਮ੍ਰਿਤਕ ਦੇ ਚਾਚਾ ਕੁਲਦੀਪ ਯਾਦਵ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ, ਰਾਧਿਕਾ ਦੀ ਮਾਂ ਮੰਜੂ ਯਾਦਵ ਘਟਨਾ ਵਾਪਰਨ ਵੇਲੇ ਘਰ ਦੀ ਪਹਿਲੀ ਮੰਜ਼ਿਲ 'ਤੇ ਮੌਜੂਦ ਸੀ।
ਐਫਆਈਆਰ ਵਿੱਚ, ਕੁਲਦੀਪ ਯਾਦਵ ਨੇ ਕਿਹਾ ਕਿ ਦੀਪਕ, ਉਸਦੀ ਪਤਨੀ ਮੰਜੂ ਅਤੇ ਧੀ ਰਾਧਿਕਾ ਸੈਕਟਰ 57 ਵਿੱਚ ਘਰ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੇ ਸਨ, ਜਦੋਂ ਕਿ ਉਹ (ਕੁਲਦੀਪ) ਆਪਣੇ ਪਰਿਵਾਰ ਨਾਲ ਜ਼ਮੀਨੀ ਮੰਜ਼ਿਲ 'ਤੇ ਰਹਿੰਦਾ ਸੀ।
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਸਵੇਰੇ 10.30 ਵਜੇ ਦੇ ਕਰੀਬ, ਉਸਨੇ ਅਚਾਨਕ ਇੱਕ "ਜ਼ੋਰਦਾਰ ਧਮਾਕਾ" ਸੁਣਿਆ ਅਤੇ ਪਹਿਲੀ ਮੰਜ਼ਿਲ ਵੱਲ ਭੱਜਿਆ। ਉਸ ਨੇ ਕਿਹਾ, "ਮੈਂ ਆਪਣੀ ਭਤੀਜੀ ਰਾਧਿਕਾ ਨੂੰ ਰਸੋਈ ਵਿੱਚ ਖੂਨ ਨਾਲ ਲੱਥਪੱਥ ਪਈ ਦੇਖਿਆ ਅਤੇ ਰਿਵਾਲਵਰ ਡਰਾਇੰਗ ਰੂਮ ਵਿੱਚੋਂ ਮਿਲੀ। ਮੇਰਾ ਪੁੱਤਰ, ਪੀਯੂਸ਼ ਯਾਦਵ ਵੀ ਪਹਿਲੀ ਮੰਜ਼ਿਲ ਵੱਲ ਭੱਜਿਆ। ਅਸੀਂ ਦੋਵਾਂ ਨੇ ਰਾਧਿਕਾ ਨੂੰ ਚੁੱਕਿਆ ਅਤੇ ਉਸਨੂੰ ਆਪਣੀ ਕਾਰ ਵਿੱਚ ਸੈਕਟਰ 56 ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।"
ਇਸ ਤੋਂ ਪਹਿਲਾਂ, ਪੁਲੀਸ ਨੇ ਕਿਹਾ ਕਿ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਜਦੋਂ ਰਾਧਿਕਾ ਪਹਿਲੀ ਮੰਜ਼ਿਲ 'ਤੇ ਸੀ, ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਕੁਲਦੀਪ ਯਾਦਵ ਨੇ ਕਿਹਾ ਕਿ ਜਦੋਂ ਘਟਨਾ ਵਾਪਰੀ ਤਾਂ ਸਿਰਫ਼ ਦੀਪਕ, ਉਸਦੀ ਪਤਨੀ ਅਤੇ ਧੀ ਘਰ ਦੀ ਪਹਿਲੀ ਮੰਜ਼ਿਲ 'ਤੇ ਸਨ।
ਮ੍ਰਿਤਕਾ ਦੇ ਚਾਚੇ ਨੇ ਪੁਲੀਸ ਨੂੰ ਦੱਸਿਆ ਕਿ ਘਟਨਾ ਸਮੇਂ ਦੀਪਕ ਦਾ ਪੁੱਤਰ ਧੀਰਜ ਉੱਥੇ ਮੌਜੂਦ ਨਹੀਂ ਸੀ। ਪਹਿਲਾਂ ਕਿਹਾ ਗਿਆ ਸੀ ਕਿ ਉਸਦੀ ਮਾਂ ਜ਼ਮੀਨੀ ਮੰਜ਼ਿਲ 'ਤੇ ਸੀ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਉੱਪਰ ਵੱਲ ਭੱਜੀ ਸੀ। ਪੀਟੀਆਈ ਇਨਪੁਟਸ