ਰੁੱਖਾਂ ਦੀ ਗਿਣਤੀ ਘਟਣ ਕਾਰਨ ਵਧ ਰਿਹੈ ਤਾਪਮਾਨ: ਮਿੱਤਲ
ਮਹਾਵੀਰ ਮਿੱਤਲ
ਜੀਂਦ, 23 ਮਈ
ਹਰਿਆਣਾ ਦੇ ਏਡੀਜੀਪੀ ਆਲੋਕ ਮਿੱਤਲ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੇ ਜਨਮ ਦਿਨ ਮੌਕੇ ਅਤੇ ਪ੍ਰੀਖਿਆ ਸਬੰਧੀ ਵਧੀਆ ਨਤੀਜਾ ਆਉਣ ਸਣੇ ਹਰ ਖੁਸ਼ੀ ਬੂਟੇ ਲਾ ਕੇ ਮਨਾਉਣੀ ਚਾਹੀਦੀ ਹੈ। ਇਸ ਤਰ੍ਹਾਂ ਹਰ ਵਿਅਕਤੀ ਅਤੇ ਮਹਿਲਾ ਨੂੰ ਅਪਣਾ ਜਨਮਦਿਨ, ਵਿਆਹ ਦੀ ਵਰ੍ਹੇਗੰਢ ਆਦਿ ’ਤੇ ਇੱਕ-ਇੱਕ ਬੂਟਾ ਲਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ| ਉਨ੍ਹਾਂ ਨੇ ਇਹ ਗੱਲਾਂ ਇੱਥੇ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿੱਚ ਬੂਟੇ ਲਾਉਣ ਮੌਕੇ ਆਖੀਆਂ। ਏਡੀਜੀਪੀ ਮਿੱਤਲ ਨੇ ਕਿਹਾ, ‘‘ਤੁਸੀਂ ਵੇਖ ਹੀ ਰਹੇ ਹੋ ਕਿ ਇਸ ਸਮੇਂ ਮਈ ਦੇ ਮਹੀਨੇ ਦਾ ਚੌਥਾ ਹਫ਼ਤਾ ਚੱਲ ਰਿਹਾ ਹੈ, ਜਿਸ ਦੌਰਾਨ ਤਾਪਮਾਨ 40 ਤੋਂ 46 ਡਿਗਰੀ ਤੱਕ ਪਹੁੰਚ ਰਿਹਾ ਹੈ ਅਤੇ ਇਹ ਸਭ ਰੁੱਖਾਂ ਬੂਟਿਆਂ ਦੀ ਗਿਣਤੀ ਘਟਣ ਕਾਰਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਉਂ-ਜਿਉਂ ਰੁੱਖ ਅਤੇ ਬੂਟੇ ਘੱਟ ਹੁੰਦੇ ਜਾਣਗੇ, ਤਿਉਂ-ਤਿਉਂ ਗਰਮੀ ਅਤੇ ਤਾਪਮਾਨ ਵੱਧਦੇ ਜਾਣਗੇ ਅਤੇ ਸਾਡਾ ਜੀਵਨ ਹੋਰ ਮੁਸ਼ਕਲ ਹੁੰਦਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਆਪਣੇ ’ਚ ਜੀਵਨ ’ਚ ਹਰ ਖੁਸ਼ੀ ਦੇ ਮੌਕੇ ’ਤੇ ਇੱਕ-ਇੱਕ ਬੂਟਾ ਲਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਐਸ.ਡੀ. ਸਕੂਲ ਦੇ ਪ੍ਰਧਾਨ ਸ੍ਰੀਚੰਦ ਜੈਨ, ਆਈਬੀ ਵਿਭਾਗ ਦੇ ਸਾਬਕਾ ਅਧਿਕਾਰੀ ਮੁਕੇਸ਼ ਸਿੰਗਲਾ, ਆਈਐੱਮਏ ਜੀਂਦ ਦੇ ਪ੍ਰਧਾਨ ਡਾ. ਅਨਿਲ ਜੈਨ ਅਤੇ ਉਦਯੋਗਪਤੀ ਪਵਨ ਜੈਨ ਆਦਿ ਹਾਜ਼ਰ ਸਨ|