ਮੀਂਹ ਪੈਣ ਨਾਲ ਤਾਪਮਾਨ ਵਿੱਚ ਆਈ ਗਿਰਾਵਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਅੱਜ ਸਵੇਰੇ ਹਲਕੇ ਮੀਂਹ ਨਾਲ ਕੌਮੀ ਰਾਜਧਾਨੀ ਦਿੱਲੀ ਵਿੱਚ ਤਾਪਮਾਨ 23.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਸਵੇਰੇ 8.30 ਵਜੇ ਨਮੀ ਦਾ ਪੱਧਰ 100 ਫ਼ੀਸਦ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਲਗਪਗ 33 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਨੇ ਆਪਣੀ ਤਾਜ਼ਾ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਦੱਖਣ-ਪੂਰਬ ਤੋਂ ਆ ਰਹੇ ਬੱਦਲਾਂ ਕਾਰਨ ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਗਰਜ-ਤੂਫ਼ਾਨ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਐਤਵਾਰ ਸ਼ਾਮ ਨੂੰ ਮੀਂਹ ਪਿਆ ਪਰ ਨਾਲ ਹੀ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਜਦੋਂ ਮੀਂਹ ਪਿਆ, ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਰਿਕਾਰਡ ਕੀਤੀਆਂ, ਜਿਨ੍ਹਾਂ ਦੀ ਰਫ਼ਤਾਰ ਪਾਲਮ ਵਿੱਚ 55 ਕਿਲੋਮੀਟਰ ਪ੍ਰਤੀ ਘੰਟਾ, ਪ੍ਰਗਤੀ ਮੈਦਾਨ ਵਿੱਚ 57 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਯੂਰ ਵਿਹਾਰ ਵਿੱਚ 37 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ।
ਸ਼ਾਮ ਨੂੰ ਤੇਜ਼ ਮੀਂਹ ਨਾਲ ਮੌਸਮ ਖੁਸ਼ਗਵਾਰ ਬਣਿਆ
ਕੌਮੀ ਰਾਜਧਾਨੀ ਵਿੱਚ ਸ਼ਾਮ ਨੂੰ ਆਏ ਤੇਜ਼ ਮੀਂਹ ਨਾਲ ਮੌਸਮ ਖੁਸ਼ਗਵਾਰ ਬਣ ਗਿਆ। ਅਸਮਾਨ ਕਾਲੇ ਬੱਦਲਾਂ ਨਾਲ ਢਕਿਆ ਗਿਆ ਅਤੇ ਦਫਤਰਾਂ ਵਿੱਚੋਂ ਛੁੱਟੀ ਕਰਕੇ ਘਰਾਂ ਨੂੰ ਜਾ ਰਹੇ ਲੋਕਾਂ ਨੂੰ ਦਿੱਲੀ ਦੇ ਪੁਲਾਂ ਅਤੇ ਹੋਰ ਆਸਰਿਆਂ ਹੇਠ ਖੁਦ ਨੂੰ ਮੀਂਹ ਤੋਂ ਬਚਾਉਣਾ ਪਿਆ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ ਗੁਰੂਗ੍ਰਾਮ ਗਾਜ਼ੀਆਬਾਦ ਨੋਇਡਾ ਆਦਿ ਵਿੱਚ ਵੀ ਮੀਹ ਨੇ ਹਾਜ਼ਰੀ ਲਗਵਾਈ।
ਦਿੱਲੀ ਹਵਾਈ ਅੱਡੇ ਵੱਲੋਂ ਐਡਵਾਈਜ਼ਰੀ ਜਾਰੀ
ਏਅਰ ਇੰਡੀਆ ਨੇ ਸੋਮਵਾਰ ਸਵੇਰੇ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਮੀਂਹ ਨਾਲ ਅੱਜ ਦਿੱਲੀ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਐਡਵਾਈਜ਼ਰੀ ਵਿੱਚ ਲਿਖਿਆ ਗਿਆ ਕਿ ਮੀਂਹ ਅਤੇ ਤੂਫ਼ਾਨ ਅੱਜ ਦਿੱਲੀ ਜਾਣ ਅਤੇ ਜਾਣ ਵਾਲੀਆਂ ਉਡਾਣਾਂ ਦੇ ਸੰਚਾਲਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਿਰਪਾ ਕਰਕੇ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰੋ ਅਤੇ ਆਪਣੀ ਯਾਤਰਾ ਲਈ ਵਾਧੂ ਸਮਾਂ ਦਿਓ। ਦਿੱਲੀ ਹਵਾਈ ਅੱਡੇ ਨੇ ਸੋਮਵਾਰ ਸਵੇਰੇ ਐਡਵਾਈਜ਼ਰੀ ਜਾਰੀ ਕੀਤੀ ਕਿ ਦਿੱਲੀ ਖਰਾਬ ਮੌਸਮ ਦਾ ਸਾਹਮਣਾ ਕਰ ਰਹੀ ਹੈ। ਸਾਡੀਆਂ ਟੀਮਾਂ ਸਾਰੇ ਹਿੱਸੇਦਾਰਾਂ ਨਾਲ ਮਿਹਨਤ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ ਯਾਤਰਾ ਮੁਸ਼ਕਲ ਰਹਿਤ ਰਹੇ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ।