ਸਰਕਾਰੀ ਕਾਲਜ ਵਿੱਚ ਤੀਆਂ ਮਨਾਈਆਂ
ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਉਪ ਪ੍ਰਧਾਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਕਿ ਤੀਜ ਵਰਗੇ ਤਿਉਹਾਰ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਅਨਮੋਲ ਵਿਰਾਸਤ ਹਨ, ਜੋ ਖੁਸ਼ਹਾਲੀ, ਖੁਸ਼ੀ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦੇ ਹਨ। ਉਹ ਇੱਥੇ ਸਰਕਾਰੀ ਕਾਲਜ, ਵਿੱਚ ਭਾਜਪਾ ਮਹਿਲਾ ਮੋਰਚਾ ਵੱਲੋਂ ਕਰਵਾਏ ਹਰਿਆਲੀ ਤੀਜ ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਔਰਤਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸ੍ਰੀਮਤੀ ਸੈਣੀ ਨੇ ਕਿਹਾ ਕਿ ਤੀਜ ਤਿਉਹਾਰ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸਾਉਣ ਮਹੀਨੇ ਵਿੱਚ ਇਹ ਤਿਉਹਾਰ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੇ ਮੇਲ ਦਾ ਪ੍ਰਤੀਕ ਹੈ ਅਤੇ ਸਾਡੇ ਖੇਤੀਬਾੜੀ ਦੇਸ਼ ਵਿੱਚ ਹਰਿਆਲੀ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਖੇਤਰ ਦੀਆਂ ਔਰਤਾਂ ਲਈ ਰਵਾਇਤੀ ਕੋਠਲੀ ਭੇਜ ਕੇ ਭੈਣਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਭਾਜਪਾ ਸੂਬਾਈ ਉਪ ਪ੍ਰਧਾਨ ਸ੍ਰੀਮਤੀ ਬੰਤੋ ਕਟਾਰੀਆ, ਸਾਬਕਾ ਵਿਧਾਇਕ ਡਾ. ਪਵਨ ਸੈਣੀ, ਸਾਬਕਾ ਵਿਧਾਇਕ ਸ੍ਰੀਮਤੀ ਲਤਿਕਾ ਸ਼ਰਮਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਬੀਨੂ ਗਰਗ, ਨਾਰਾਇਣਗੜ੍ਹ ਮੰਡਲ ਪ੍ਰਧਾਨ ਜਗਦੀਪ ਕੌਰ, ਪ੍ਰੀਤਪਾਲ ਕੌਰ ਮੱਕੜ, ਮੰਜੂ ਕੌਸ਼ਿਕ, ਮਮਤਾ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ, ਤੀਜ ਤਿਉਹਾਰ ਦੇ ਰਵਾਇਤੀ ਅੰਦਾਜ਼ ਵਿੱਚ, ਔਰਤਾਂ ਨੇ ਸੁਮਨ ਸੈਣੀ ਦਾ ਇੱਥੇ ਆਉਣ ‘ਤੇ ਚੂੜੀਆਂ ਅਤੇ ਮੋਤੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਤਿਉਹਾਰ ਨੂੰ ਖੁਸ਼ਨੁਮਾ ਬਣਾ ਦਿੱਤਾ। ਸੁਮਨ ਸੈਣੀ ਨੇ ਇਸ ਮੌਕੇ ਔਰਤਾਂ ਨੂੰ ਇੱਕ-ਇੱਕ ਪੌਦਾ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾ ਰਹੀ ਹੈ। ਇਸ ਮਮੌਕੇ ਸੁਮਨ ਸੈਣੀ ਵੱਲੋਂ ਆਈਡਬਲਿਊ ਐੱਮਪੀ ਸਕੀਮ ਅਧੀਨ 10 ਸਵੈ-ਸਹਾਇਤਾ ਸਮੂਹਾਂ ਨੂੰ 25,000-25,000 ਰੁਪਏ ਦੇ ਚੈੱਕ ਵੰਡੇ ਗਏ। ਤੀਜ ਉਤਸਵ ਵਿੱਚ ਸੋਨੀਆ ਨੂੰ ‘ਮਿਸ ਤੀਜ’ ਅਤੇ ਨੀਲਮ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ।