DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ’ਚੋਂ ਪਾਣੀ ਕੱਢਣ ਲਈ ਟੀਮਾਂ ਜੁਟੀਆਂ

ਕੌਮੀ ਰਾਜਧਾਨੀ ਵਿੱਚ 26000 ਤੋਂ ਵੱਧ ਲੋਕ ਹੜ੍ਹ ਕਾਰਨ ਪ੍ਰਭਾਵਿਤ; 44 ਰਾਹਤ ਕੈਂਪਾਂ ’ਚ ਰਹਿ ਰਹੇ ਨੇ ਪੀੜਤ ਲੋਕ
  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ’ਚ ਬੁੱਧਵਾਰ ਨੂੰ ਰਾਜਘਾਟ ’ਚੋਂ ਹੜ੍ਹ ਦਾ ਪਾਣੀ ਕੱਢਦੇ ਹੋਏ ਕਾਮੇ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਜੁਲਾਈ

Advertisement

ਦਿੱਲੀ ਵਿੱਚੋਂ ਲੰਘਦੀ ਯਮੁਨਾ ਦੇ 22 ਕਿਲੋਮੀਟਰ ਦੇ ਇਲਾਕੇ ਵਿੱਚ ਬੰਨ੍ਹ ਤੋੜ ਕੇ ਆਬਾਦੀ ਵਾਲੇ ਖੇਤਰਾਂ ਵਿੱਚ ਦਾਖ਼ਲ ਹੋਏ ਪਾਣੀ ਕਾਰਨ 26000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਦਿੱਲੀ ਸਰਕਾਰ ਨੇ ਪ੍ਰਭਾਵਿਤ ਲੋਕਾਂ ਵਿੱਚੋਂ 21 ਹਜ਼ਾਰ ਤੋਂ ਵੱਧ ਨੂੰ ਵੱਖ-ਵੱਖ 44 ਕੈਂਪਾਂ ਵਿੱਚ ਰੱਖਿਆ ਹੈ ਤੇ ਕਰੀਬ 5 ਹਜ਼ਾਰ ਲੋਕਾਂ ਨੇ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਕੋਲ ਰਹਿਣ ਨੂੰ ਤਰਜੀਹ ਦਿੱਤੀ।

ਦਿੱਲੀ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਮੁੜ ਪੱਟੜੀ ਉਪਰ ਲਿਆਉਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਯਮੁਨਾ ਹੜ੍ਹ ਕਾਰਨ ਰਾਜਘਾਟ-ਸ਼ਾਂਤੀ ਵੈਨ, ਆਈਟੀਓ ਅਤੇ ਰਿੰਗ ਰੋਡ ’ਤੇ ਭਰੇ ਪਾਣੀ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਉਥੇ ਹੀ ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਅੱਜ ਇੱਥੇ ਚੱਲ ਰਹੇ ਨਿਕਾਸੀ ਦੇ ਕੰਮ ਦਾ ਨਿਰੀਖਣ ਕੀਤਾ। ਆਤਿਸ਼ੀ ਨੇ ਕਿਹਾ ਕਿ ਰਾਜ ਘਾਟ ਅਤੇ ਇੱਥੇ ਮੌਜੂਦ ਹੋਰ ਸਾਰੇ ਸਮਾਰਕਾਂ ’ਚ ਹੜ੍ਹ ਆਉਣ ਤੋਂ ਬਾਅਦ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਕਰੀਬ 250 ਏਕੜ ਵਿੱਚ ਪਾਣੀ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਘਾਟ ਰਾਸ਼ਟਰੀ ਮਹੱਤਵ ਵਾਲਾ ਸਮਾਰਕ ਹੈ ਅਤੇ ਇੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਅਜਿਹੇ ’ਚ ਕੇਂਦਰ ਤੇ ਦਿੱਲੀ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਇਸ ਪੂਰੇ ਕੰਪਲੈਕਸ ’ਚੋਂ ਭਰੇ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਕੈਂਪਸ ਵਿੱਚ ਅਜੇ ਵੀ ਕਾਫੀ ਪਾਣੀ ਖੜ੍ਹਾ ਹੈ ਪਰ ਜਲਦੀ ਹੀ ਇਹ ਸਮੱਸਿਆ ਦੂਰ ਹੋ ਜਾਵੇਗੀ। ਆਈਟੀਓ ਫਲਾਈਓਵਰ ਨੇੜੇ ਹੜ੍ਹਾਂ ਕਾਰਨ ਪਾਣੀ ਭਰਨ ਦੀ ਸਥਿਤੀ ਲਗਭਗ ਖਤਮ ਹੋ ਗਈ ਹੈ ਅਤੇ ਸੜਕ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਪ੍ਰੈਸ਼ਰ ਪਾਈਪਾਂ ਰਾਹੀਂ ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਪੀਡਬਲਯੂਡੀ ਮੰਤਰੀ ਨੇ ਰਾਜਘਾਟ ਤੋਂ ਸ਼ਾਂਤੀਵਨ ਤੱਕ ਸੜਕ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੜਕ ਦੇ ਸਾਰੇ ਟੋਇਆਂ ’ਚੋਂ ਪਾਣੀ ਕੱਢਣ ਅਤੇ ਸੜਕ ਦੀ ਸਫਾਈ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।

ਵਾਤਾਵਰਨ ਮੰਤਰੀ ਗੋਪਾਲ ਰਾਏ ਵੱਲੋਂ ਰਾਹਤ ਕੈਂਪਾਂ ਦਾ ਦੌਰਾ

ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਸ਼ਾਹਦਰਾ ਜ਼ਿਲ੍ਹੇ ਵਿੱਚ ਪੁਰਾਣੇ ਲੋਹੇ ਦੇ ਪੁਲ ਨੇੜੇ ਸਥਿਤ ਹੜ੍ਹ ਰਾਹਤ ਕੈਂਪਾਂ ਦਾ ਮੁਕੰਮਲ ਨਿਰੀਖਣ ਕੀਤਾ ਹੈ। ਇਸ ਮੌਕੇ ਮਾਲ ਵਿਭਾਗ, ਦਿੱਲੀ ਪੁਲੀਸ, ਸਿਹਤ ਵਿਭਾਗ, ਐੱਮਸੀਡੀ, ਜੰਗਲਾਤ ਵਿਭਾਗ, ਲੋਕ ਨਿਰਮਾਣ ਵਿਭਾਗ, ਆਈਐਂਡਐੱਫਸੀ ਆਦਿ ਦੇ ਅਧਿਕਾਰੀ ਹਾਜ਼ਰ ਸਨ। ਰਾਹਤ ਕੈਂਪ ਵਿੱਚ ਡਾਕਟਰੀ ਸਹੂਲਤਾਂ ਅਤੇ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਮੌਕੇ ਜੰਗਲਾਤ ਵਿਭਾਗ ਦੀ ਰੈਪਿਡ ਰਿਸਪਾਂਸ ਟੀਮ ਵੀ ਮੌਕੇ ’ਤੇ ਮੌਜੂਦ ਰਹੀ। ਗੋਪਾਲ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ ਪਰ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੇ ਇਲਾਕਿਆਂ ’ਚ ਪਾਣੀ ਦਾ ਪੱਧਰ ਘੱਟ ਨਹੀਂ ਹੋਇਆ ਹੈ ਅਤੇ ਉਥੇ ਗਾਰ ਅਤੇ ਚਿੱਕੜ ਅਜੇ ਵੀ ਫੈਲਿਆ ਹੋਇਆ ਹੈ। ਇਸ ਕਾਰਨ ਅੱਜ ਸ਼ਾਹਦਰਾ ਜ਼ਿਲ੍ਹੇ ਵਿੱਚ ਪੁਰਾਣੇ ਲੋਹੇ ਦੇ ਪੁਲ ਨੇੜੇ ਸਥਿਤ ਰਾਹਤ ਕੈਂਪ ਦਾ ਦੌਰਾ ਕੀਤਾ ਹੈ।

ਮੋਹਲੇਧਾਰ ਮੀਂਹ ਕਾਰਨ ਟੋਹਾਣਾ ਜਲ-ਥਲ

ਟੋਹਾਣਾ (ਪੱਤਰ ਪ੍ਰੇਰਕ): ਟੋਹਾਣਾ ਤੇ ਨੇੜਲੇ ਇਲਾਕੇ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਨ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਨੀਵੀਆਂ ਬਸਤੀਆਂ ਦੇ ਮਕਾਨਾਂ ਵਿੱਚ ਪਾਣੀ ਭਰ ਗਿਆ। ਸ਼ਹਿਰ ਦੀ ਅਨਾਜ ਮੰਡੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਾਂ ਦੇ ਅੰਦਰ ਮੀਂਹ ਦਾ ਪਾਣੀ ਪੁੱਜ ਜਾਣ ’ਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਬੱਸ ਸਟੈਂਡ ’ਤੇ ਦੋ ਫੁੱਟ ਪਾਣੀ ਜਮ੍ਹਾਂ ਹੋ ਗਿਆ ਤੇ ਸਬਜ਼ੀ ਮੰਡੀ ਤੇ ਨਾਗਰਿਕ ਹਸਪਤਾਲ ਵਿੱਚ ਪਾਣੀ ਭਰ ਗਿਆ। ਰਤੀਆ ਰੋਡ, ਚੰਡੀਗੜ੍ਹ ਰੋਡ, ਗੁਪਤਾ ਕਲੋਨੀ, ਜਮਾਲਪੁਰ ਰੋਡ ’ਤੇ ਦੁਕਾਨਾਂ ਅੰਦਰ ਪਾਣੀ ਦਾਖਲ ਹੋਣ ਕਾਰਨ ਸਾਮਾਨ ਨੁਕਸਾਨਿਆ ਗਿਆ। ਮੋਟਰਸਾਈਕਲ, ਸਕੂਟਰ ਤੇ ਕਾਰਾਂ ਪਾਣੀ ਵਿੱਚ ਬੰਦ ਹੋ ਗਈਆਂ, ਜਿਨ੍ਹਾਂ ਨੂੰ ਧੱਕਾ ਲਾ ਕੇ ਬਾਹਰ ਕੱਢਿਆ ਗਿਆ।

Advertisement
×