ਵਿਦਿਆਰਥਣਾਂ ਨੂੰ ਸਵੈ-ਰੱਖਿਆ ਬਾਰੇ ਜਾਗਰੂਕ ਕੀਤਾ
ਆਰੀਆ ਕੰਨਿਆ ਕਾਲਜ ਦੇ ਮਹਿਲਾ ਸੈੱਲ ਅਤੇ ਅੰਗਰੇਜ਼ੀ ਵਿਭਾਗ ਨੇ ਸਾਂਝੇ ਤੌਰ ’ਤੇ ਕੁਰੂਕਸ਼ੇਤਰ ਦੇ ਮਹਿਲਾ ਥਾਣੇ ਵਿਚ ਟ੍ਰਿਪ ਮਾਨੀਟਰਿੰਗ ’ਤੇ ਇਕ ਵਿਸ਼ੇਸ਼ ਸੈਮੀਨਾਰ ਅਤੇ ਡਾਇਲ 112 ਸਬੰਧੀ ਨੰਬਰ ਦੀ ਵਰਤੋਂ ਵਿਸ਼ੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਮਹਿਲਾ ਸੁਰੱਖਿਆ ਉਪਰਾਲੇ ਅਤੇ ਐਮਰਜੈਂਸੀ ਹੈਲਪਲਾਈਨ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਜਾਗਰੂਕ ਕਰਨਾ ਸੀ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਪੀੜੀ ਲਈ ਤਕਨੀਕੀ ਸੁਰੱਖਿਆ ਸਾਧਨਾਂ ਦਾ ਗਿਆਨ ਹੋਣਾ ਬਹੁਤ ਹੀ ਜਰੂਰੀ ਹੈ ਤਾਂ ਜੋ ਉਹ ਹਰ ਸਥਿਤੀ ਵਿਚ ਸਵੈ ਨਿਰਭਰ ਅਤੇ ਸੁਰੱਖਿਅਤ ਰਹਿਣ। ਇਸ ਪਹਿਲਕਦਮੀ ਦੀ ਅਗਵਾਈ ਪ੍ਰੋਗਰਾਮ ਕਨਵੀਨਰ ਡਾ. ਪ੍ਰਿਅੰਕਾ ਸਿੰਘ ਮਹਿਲਾ ਵਿਕਾਸ ਸੈਲ ਅਤੇ ਡਾ. ਕਵਿਤਾ ਮਹਿਤਾ ਮੁਖੀ ਅੰਗਰੇਜ਼ੀ ਵਿਭਾਗ ਨੇ ਕੀਤੀ। ਮਹਿਲਾ ਥਾਣੇ ਦੀਆਂ ਮਹਿਲਾ ਪੁਲੀਸ ਅਧਿਕਾਰੀਆਂ ਨੇ ਵਿਦਿਆਰਥਣਾਂ ਨੂੰ 112 ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਨੇ ਹੈਲਪ ਲਾਈਨ, ਟ੍ਰਿਪ ਮਾਨੀਟਰਿੰਗ ਸਿਸਟਮ ਅਤੇ ਐਮਰਜੈਂਸੀ ਸਥਿਤੀਆਂ ਵਿਚ ਮਦਦ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੁਚੇਤ ਰਹਿਣ ਅਤੇ ਸਵੈ-ਰੱਖਿਆ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ। ਪ੍ਰੋਗਰਾਮ ਵਿਚ 50 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਸਵਰਿਤੀ ਸ਼ਰਮਾ, ਡਾ. ਭਾਰਤੀ ਸ਼ਰਮਾ, ਰਿਤੂ ਮਿੱਤਲ ਅਤੇ ਹੋਰ ਮੌਜੂਦ ਸਨ।