ਗੁਰਮਤਿ ਕੈਂਪਾਂ ਦੀ ਸਮਾਪਤੀ ਦੌਰਾਨ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਐੱਨਸੀਆਰ ਦਿੱਲੀ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਏ ਗਏ 250 ਤੋਂ ਵੱਧ ਗੁਰਮਤਿ ਕੈਂਪਾਂ ਵਿਚ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਗੁਰਮਤਿ ਵਿਦਿਆ ਹਾਸਲ ਕੀਤੀ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕੀਤਾ ਹੈ।
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਇਨ੍ਹਾਂ ਕੈਂਪਾਂ ਦੇ ਦੋ ਦਿਨਾਂ ਸਮਾਪਤੀ ਸਮਾਗਮਾਂ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲਗਾਏ ਜਾਂਦੇ ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋ ਕੈਂਪਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਯੋਜਨਾ ਸੀ ਕਿ ਦਿੱਲੀ ਦੇ ਸਾਰੇ 46 ਵਾਰਡਾਂ ਵਿਚ ਇਕ-ਇਕ ਕੈਂਪ ਲਗਾਵਾਂਗੇ ਪਰ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਸਿਰਫ ਦਿੱਲੀ ਐੱਨਸੀਆਰ ਹੀ ਨਹੀਂ ਬਲਕਿ ਇਹ ਕੈਂਪ ਉੜੀਸਾ, ਕਟਕ, ਐੱਮਪੀ, ਪਾਣੀਪਤ, ਮੁੰਬਈ, ਬਰੇਲੀ, ਰੁਦਰਪੁਰ, ਹਲਦਵਾਨੀ, ਬਹਿਰਾਈ, ਹਰਦੁਆਰ, ਮੁਜ਼ੱਫਰਨਗਰ, ਮੁਰਾਦਾਬਾਦ, ਬਿਜਨੌਰ, ਅਲੀਗੜ੍ਹ, ਆਗਰਾ ਤੇ ਕਾਨਪੁਰ ਵਿੱਚ ਵੀ ਲੱਗੇ ਹਨ। ਇਨ੍ਹਾਂ ਕੈਂਪਾਂ ਵਿਚ ਧਰਮ ਪ੍ਰਚਾਰ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸਾਲ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ, ਇਸ ਲਈ ਇਸ ਵਾਰ ਦੇ ਕੈਂਪਾਂ ਵਿਚ ਸਿਲੇਬਸ ਵਿਚ ਗੁਰੂ ਸਾਹਿਬ ਦੇ ਜੀਵਨ, ਫਲਸਫੇ ਤੇ ਸ਼ਹਾਦਤ ਬਾਰੇ ਸਿਲੇਬਸ ਜ਼ਿਆਦਾ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਜਿਹੜਾ ਪੰਜਾਬੀ ਭਾਸ਼ਾ ਪ੍ਰਚਾਰ ਦਾ ਵਿਭਾਗ ਬਣਾਇਆ, ਉਸ ਤਹਿਤ ਮੁਕਾਬਲੇ ਹੋ ਰਹੇ ਹਨ।
ਪੰਦਰਾਂ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਮਾਪਤ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸਿੱਖ ਮਿਸ਼ਨ ਹਰਿਆਣਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਲਾਡਵਾ ਵਿਚ 15 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਅੱਜ ਸਮਾਪਤੀ ਹੋਈ। ਇਸ ਗੁਰਮਤਿ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਭਾਈ ਬਲਵਿੰਦਰ ਸਿੰਘ ਸੰਗੀਤ ਅਧਿਆਪਕ ਵੰਲੋਂ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਤੇ ਬੀਬੀ ਸੁਰਜੀਤ ਕੌਰ ਧਾਰਮਿਕ ਅਧਿਆਪਕ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦਿੱਤੀ। ਇਸ ਮੌਕੇ ਜਸਬੀਰ ਸਿੰਘ ਠਿਉਂਠਾ, ਗੁਰਲਾਲ ਸਿੰਘ ਘਰੌਂਡਾ, ਸ਼ੇਰ ਸਿੰਘ ਅਜਰਾਣਾ, ਬਹਾਦਰ ਸਿੰਘ ਕੇਸਰੀਪੁਰ, ਪ੍ਰੇਮ ਸਿੰਘ ਲਾਡਵਾ, ਸੁਰਿੰਦਰ ਸਿੰਘ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।