ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ‘ਇੰਟੀਗਰੇਟਿਡ ਐਂਡ ਆਨਰਜ਼ ਸੱਟਡੀਜ਼’ ਵਲੋਂ ਕਰਵਾਏ ਗਏ ‘ਵਿਦਿਆਰਥੀ ਸਵਾਗਤ ਸਮਾਰੋਹ’ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇੱਥੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜੀਵਨ ਵਿਚ ਸਫ਼ਲਤਾ ਲਈ ਗਿਆਨ ਹੁਨਰ ਅਤੇ ਸਕਾਰਾਤਮਕ ਰਵੱਈਆ ਜ਼ਰੂਰੀ ਹੈ। ਜੀਵਨ ਵਿਚ ਸਿੱਖਿਆ ਬਹੁਤ ਮਹੱਤਵਪੂਰਨ ਹੈ।
ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ, ਰਜਿਸਟਰਾਰ ਡਾ. ਵੀਰੇਂਦਰ ਪਾਲ ਅਤੇ ਹੋਰਨਾਂ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਸ ਨੂੰ ‘ਨੈਕ’ ਵਲੋਂ ਸਭ ਤੋਂ ਵੱਧ ‘ਏ-ਪਲੱਸ’ ਗਰੇਡ ਮਿਲਿਆ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਦੋ ਸਾਲਾਂ ਵਿਚ ਦੇਸ਼ ਵਿਚ ਖੇਡਾਂ ਦੇ ਖੇਤਰ ਵਿਚ ਮੌਲਾਨਾ ਅਬਦੁਲ ਕਲਾਮ ਟਰਾਫ਼ੀ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਸਭਿੱਆਚਾਰਕ ਗਤੀਵਿਧੀਆਂ ਵਿਚ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਤੀਜਾ ਅਤੇ ਸਰਕਾਰੀ ਯੂਨੀਵਰਸਿਟੀਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨਾਂ ਕਿਹਾ ਕਿ ਸਿੱਖਿਆ ਉਹ ਹੈ ਜੋ ਵਿਅਕਤੀ ਦੇ ਗਿਆਨ, ਸਵੈ ਨਿਰਭਰਤਾ ਨੂੰ ਵਧਾਉਂਦੀ ਹੈ ਅਤੇ ਉਸ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਉਨਾਂ ਵਿਦਿਆਰਥੀਆਂ ਨੂੰ ਜੀਵਨ ਵਿਚ ਉਤਸੁਕਤਾ, ਆਲੋਚਨਾਤਮਕ ਸੋਚ ਅਤੇ ਨਵੀਨਤਾ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਉੱਦਮੀ ਬਣਨਾ ਚਾਹੀਦਾ ਹੈ, ਨੌਕਰੀਆਂ ਪਿੱਛੇ ਨਹੀਂ ਭੱਜਣਾ ਚਾਹੀਦਾ ਅਤੇ ਕੁਝ ਵੱਡਾ ਕਰਨ ਬਾਰੇ ਸੋਚਣਾ ਚਾਹੀਦਾ ਹੈ ਤੇ ਹਰ ਸਥਿਤੀ ਵਿਚ ਭਟਕੇ ਬਿਨਾ ਆਪਣਾ ਕੰਮ ਕਰਨਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਰਜਿਸਟਰਾਰ ਡਾ. ਵੀਰੇਂਦਰ ਪਾਲ ਨੇ ਕਿਹਾ ਕਿ ‘ਆਈਆਈਐੱਚਐੱਸ’ ਇੰਸਟੀਚਿਊਟ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਖੁਸ਼ਕਿਸਮਤ ਹਨ ਕਿ ਉਨਾਂ ਨੂੰ ਇੱਥੋਂ ਦੇ ਹੁਨਰਮੰਦ ਅਧਿਆਪਕਾਂ ਵਲੋਂ ਸਿੱਖਿਆ ਮਿਲੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਟੀਚੇ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਸਖਤ ਮਿਹਨਤ ਨਾਲ ਉਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਮੰਚ ਦਾ ਸੰਚਾਲਨ ਯੁਵਾ ਅਤੇ ਸਭਿੱਆਚਾਰ ਪ੍ਰੋਗਰਾਮ ਵਿਭਾਗ ਦੇ ਡਾਇਰੈਕਟਰ ਪ੍ਰੋ. ਵਿਵੇਕ ਚਾਵਲਾ ਨੇ ਕੀਤਾ।