ਇੱਥੋਂ ਚੰਡੀਗੜ੍ਹ ਜਾ ਰਹੀ ਹਰਿਆਣਾ ਰੋਡਵੇਜ਼ ਵਿੱਚ ਸ਼ਾਮਲ ਕਿਲੋਮੀਟਰ ਸਕੀਮ ਦੀ ਬੱਸ ਉੱਤੇ ਗੱਡੀ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਪੱਥਰਬਾਜ਼ੀ ਕੀਤੀ। ਇਸ ਦੋਰਾਨ ਇੱਕ ਇੱਟ ਬੱਸ ਦੇ ਡਰਾਈਵਰ ਸਾਈਡ ਵਾਲੇ ਸੀਸ਼ੇ ਨਾਲ ਲੱਗਣ ਕਾਰਨ ਸੀਸ਼ਾ ਟੁੱਟ ਗਿਆ। ਡਰਾਈਵਰ ਅਤੇ ਯਾਤਰੀ ਵਾਲ-ਵਾਲ ਬਚੇ।
ਘਟਨਾ ਵੇਲੇ ਬੱਸ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ। ਦੱਸਿਆ ਗਿਆ ਹੈ ਕਿ ਬਹੁਤੀ ਦੂਰ ਤੱਕ ਉਨ੍ਹਾਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਡਰਾਈਵਰ ਅਤੇ ਕੰਡੈਕਟਰ ਨੂੰ ਗਾਲ਼ਾਂ ਵੀ ਕੱਢੀਆਂ। ਰੋਡਵੇਜ਼ ਬੱਸ ਨੂੰ ਰੋਕਣ ਤੋਂ ਬਾਅਦ, ਪੱਥਰਬਾਜ਼ੀ ਕਰ ਕੇ ਨੌਜਵਾਨ ਗੱਡੀ ਵਿੱਚ ਉੱਥੋਂ ਫਰਾਰ ਹੋ ਗਏ। ਬੱਸ ਨੂੰ ਸਿਵਿਲ ਲਾਈਨ ਪੁਲੀਸ ਸਟੇਸ਼ਨ ਵਿੱਚ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਲੋਮੀਟਰ ਸਕੀਮ ਦੀ ਇਹ ਬੱਸ ਸਵੇਰੇ ਸਾਢੇ ਨੌਂ ਵਜੇ ਜੀਂਦ ਬੱਸ ਅੱਡੇ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਬੱਸ ਅੱਡੇ ਤੋਂ ਨਿਕਲਦਿਆਂ ਹੀ ਉਨ੍ਹਾਂ ਨੌਜਵਾਨਾਂ ਨੇ ਬੱਸ ਦਾ ਪਿੱਛਾ ਕਰਨਾ ਸੁਰੂ ਕਰ ਦਿੱਤਾ ਸੀ। ਜਦੋਂ ਬੱਸ ਫਲਾਈਓਵਰ ਉੱਤੇ ਚੜ੍ਹ ਰਹੀ ਸੀ ਤਦ ਗੱਡੀ ਸਵਾਰ ਨੌਜਵਾਨਾਂ ਨੇ ਫਲਾਈਓਵਰ ਦੇ ਹੇਠਾਂ ਤੋਂ ਗੱਡੀ ਕੱਢਕੇ ਬੱਸ ਦੇ ਅੱਗੇ ਖੜ੍ਹੀ ਕਰ ਦਿੱਤੀ ਅਤੇ ਹੱਸ ’ਤੇ ਇੱਟਾਂ ਨਾਲ ਹਮਲਾ ਕੀਤਾ। ਜਾਣਕਾਰੀ ਅਨੁਸਾਰ ਜੀਂਦ ਬੱਸ ਅੱਡੇ ’ਤੇ ਗੱਡੀ ਸਵਾਰ ਨੌਜਵਾਨਾਂ ਦੀ ਬੱਸ ਚਾਲਕ ਨਾਲ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ ਸੀ, ਜਿਸ ਨੂੰ ਲੈਕੇ ਉਨ੍ਹਾਂ ਨੇ ਬੱਸ ’ਤੇ ਹਮਲਾ ਕੀਤਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।