ਜ਼ਿਲ੍ਹਾ ਪੁਲੀਸ ਨੇ ਘਰ ਵਿੱਚੋਂ ਚੋਰੀ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਕਪਤਾਨ ਨਿਤੀਸ਼ ਅਗਰਵਾਲ ਦੀ ਯੋਗ ਅਗਵਾਈ ਹੇਠ ਅਪਰਾਧਾ ਸ਼ਾਖਾ ਦੀ ਟੀਮ ਨੇ ਯਮੁਨਾਨਗਰ ਦੀ ਔਰਤ ਜੋ ਵਰਤਮਾਨ ਵਿੱਚ ਸੋਹਾਣਾ ਮੋਹਾਲੀ ਪੰਜਾਬ ਦੀ ਰਹਿਣ ਵਾਲੀ ਹੈ ਨੂੰ ਘਰ ਤੋਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ ਚੋਰੀ ਕੀਤੇ ਗਹਿਣੇ ਬਰਾਮਦ ਕਰ ਲਏ ਹਨ।
ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿੱਆ ਕਿ ਪਿੰਡ ਡੰਗਾਲੀ ਦੇ ਰਹਿਣ ਵਾਲੇ ਧਰਮਬੀਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੇ 20 ਅਕਤੂਬਰ ਨੂੰ ਉਸ ਦੀ ਪਤਨੀ ਵੱਲੋਂ ਪਛਾਣੀ ਗਈ ਇੱਕ ਔਰਤ ਉਸ ਦੇ ਘਰ ਮਹਿਮਾਨ ਵਜੋਂ ਆਈ ਅਤੇ 22 ਅਕਤੂਬਰ ਨੂੰ ਸਵੇਰੇ 6 ਵਜੇ ਉਸ ਔਰਤ ਨੇ ਉਸ ਦੇ ਘਰ ’ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸ਼ਿਕਾਇਤ ਦੇ ਆਧਾਰ ਤੇ ਥਾਣਾ ਸ਼ਾਹਬਾਦ ਵਿੱਚ ਮਾਮਲਾ ਦਰਜ ਕਰ ਜਾਂਚ ਕੀਤੀ ਗਈ।
ਮਾਮਲੇ ਦੀ ਜਾਂਚ ਕਰਦੇ ਹੋਏ ਅਪਰਾਧ ਜਾਂਚ ਸ਼ਾਖਾ ਇੱਕ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਟੀਮ ਨੇ ਯਮੁਨਾਨਗਰ ਦੀ ਇੱਕ ਔਰਤ ਜੋ ਕਿ ਵਰਤਮਾਨ ਵਿੱਚ ਸੋਹਾਣਾ ਮੋਹਾਲੀ ਪੰਜਾਬ ਦੀ ਰਹਿਣ ਵਾਲੀ ਹੈ ਨੂੰ ਘਰ ’ਚ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਤੇ ਉਸ ਕੋਲੋਂ ਚੋਰੀ ਦੇ ਸਾਰੇ ਗਹਿਣੇ ਤੇ ਨਕਦੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਸ਼ਹਿਰ ਦੇ ਸ਼ਰਾਰਤਨੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਹੈ।

