ਨਵਜੰਮਿਆਂ ਲਈ ਅਤਿਆਧੁਨਿਕ ਆਈਸੀਯੂ ਸ਼ੁਰੂ
ਸਤਨਾਮ ਸਿੰਘ
ਜੀਟੀ ਰੋਡ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਨਵਜੰਮਿਆਂ ਬੱਚਿਆਂ ਦੇ ਲਈ ਲੈਵਲ 3 ਨਿਯੋਨੇਟਲ ਆਈਸੀਯੂ ਦਾ ਵਿਸਤਾਰ ਕਰਦੇ ਹੋਏ ਇਸ ਨੂੰ 5 ਬਿਸਤਰਿਆਂ ਤੋਂ ਵਧਾ ਕੇ 20 ਬੈੱਡਾਂ ਤੱਕ ਦਾ ਕਰ ਦਿੱਤਾ ਗਿਆ ਹੈ। ਇਸ ਨਵੀਂ ਸੁਵਿਧਾ ਦਾ ਸ਼ੁਭ ਆਰੰਭ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚਐੱਸ ਗਿੱਲ, ਨਿਰਦੇਸ਼ਕ ਗੁਰਫਤਹਿ ਸਿੰਘ ਗਿੱਲ ਤੇ ਹਸਪਤਾਲ ਦੇ ਐੱਮਡੀ ਡਾ. ਗੁਣਤਾਸ ਸਿੰਘ ਗਿੱਲ ਵੱਲੋਂ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐੱਮਡੀ ਡਾ. ਗੁਣਤਾਸ ਸਿੰਘ ਗਿੱਲ ਨੇ ਦੱਸਿਆ ਕਿ ਇਸ ਆਧੁਨਿਕ ਆਈਸੀਯੂ ਦੀ ਸ਼ੁਰੂਆਤ ਨਾਲ ਹੁਣ ਖੇਤਰ ਦੇ ਲੋਕਾਂ ਨੂੰ ਨਵਜੰਮਿਆਂ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਚੰਡੀਗੜ੍ਹ ਜਾਂ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਨਹੀਂ ਜਾਣਾ ਪਵੇਗਾ। ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚਐੱਸ ਗਿੱਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੇਂਡੂ ਤੇ ਕਸਬਾ ਖੇਤਰਾਂ ਵਿਚ ਵੀ ਵੱਡੇ ਸ਼ਹਿਰਾਂ ਵਰਗੀਆਂ ਸਿਹਤ ਸਹੂਲਤਾ ਮਿਲਣ। ਆਦੇਸ਼ ਗਰੁੱਪ ਦੇ ਨਿਰਦੇਸ਼ਕ ਗੁਰਫਤਹਿ ਸਿੰਘ ਗਿੱਲ ਨੇ ਕਿਹਾ ਕਿ ਇਹ ਸੁਵਿਧਾ ਨਾ ਸਿਰਫ ਸ਼ਾਹਬਾਦ ਸਗੋਂ ਨੇੜਲੇ ਸਾਰੇ ਇਲਾਕਿਆਂ ਲਈ ਵਰਦਾਨ ਸਾਬਤ ਹੋਵੇਗੀ। ਇਸ ਨਿਯੋਨੇਟਲ ਆਈਸੀਯੂ ਵਿਚ ਵੈਟੀਂਲੇਟਰ, ਫੋਟੇਜ ਥੈਰੇਪੀ ਯੂਨਿਟਸ, ਵਾਰਮਰ, ਮਾਨੀਟਰਿੰਗ ਸਿਸਟਮ ਜਿਹੇ ਅਤਿ ਆਧੁਨਿਕ ਉਪਕਰਨ ਉਪਲਬਧ ਹਨ ਤੇ ਤਜਰਬੇਕਾਰ ਮਾਹਿਰ ਮੌਜੂਦ ਰਹਿਣਗੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਐੱਨਐੱਸ ਲਾਂਬ ਤੇ ਹੋਰ ਡਾਕਟਰ ਮੌਜੂਦ ਸਨ ।