ਇੱਥੋਂ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਾਸ਼ਟਰੀ ਸਿੱਖਿਆ ਕਮੇਟੀ ਟੋਹਾਣਾ ਵਲੋਂ ਹਰਿਆਣਾ ਗੌਰਵ ਪੁਰਸਕਾਰ ਦੀ ਚੋਣ ਲਈ ਸੂਬਾ ਪੱਧਰੀ ਹਿੰਦੀ ਵਿਆਕਰਨ ਪ੍ਰੀਖਿਆ ਕਰਵਾਈ ਗਈ, ਜੋ ਸਫ਼ਲਤਾਪੂਰਵਕ ਨੇਪਰੇ ਚੜ੍ਹੀ। ਇਸ ਪ੍ਰੀਖਿਆ ਵਿੱਚ ਸਕੂਲ ਦੇ ਲੱਗਪਗ 107 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਅਜੇਹੇ ਸਮਾਗਮ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ, ਭਾਸ਼ਾ ਪ੍ਰਤੀ ਸਤਿਕਾਰ ਅਤੇ ਆਤਮ ਵਿਸ਼ਵਾਸ਼ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਿੰਦੀ ਸਾਡੀ ਮਾਤ ਭਾਸ਼ਾ ਹੈ ਅਤੇ ਇਸ ਦੇ ਗਿਆਨ ਰਾਹੀਂ ਹੀ ਵਿਦਿਆਰਥੀ ਆਪਣੇ ਸਵੈ ਪ੍ਰਗਟਾਵੇ ਨੂੰ ਮਜਬੂਤ ਕਰ ਸਕਦੇ ਹਨ। ਕਮੇਟੀ ਦੇ ਸਕੱਤਰ ਵਰਿੰਦਰ ਕੌਸ਼ਲ ਨੇ ਨਿੱਜੀ ਤੌਰ ’ਤੇ ਪ੍ਰੀਖਿਆ ਵਿੱਚ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀਆਂ ਪੇਚਦੀਗੀਆਂ ਬਾਰੇ ਜਾਣਕਾਰੀ ਦਿੱਤੀ। ਸੁਪਰੀਡੈਂਟ ਦੇ ਤੌਰ ’ਤੇ ਡਾ. ਰਾਏ ਸਿੰਘ ਨੇ ਪ੍ਰੀਖਿਆ ਦੇ ਸਫਲ ਸੰਚਾਲਨ ਨੂੰ ਯਕੀਨੀ ਬਨਾਉਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ। ਸਕੂਲ ਦੇ ਮੀਤ ਪ੍ਰਿੰਸੀਪਲ ਸਤਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਜੇਹੇ ਇਮਤਿਹਾਨ ਬਚਿੱਆਂ ਦੀ ਭਾਸ਼ਾਈ ਮੁਹਾਰਤ ਦੇ ਨਾਲ-ਨਾਲ ਤਰਕਸ਼ੀਲ ਅਤੇ ਵਿਗਿਆਨਕ ਸੋਚ ਨੂੰ ਵਿਕਸਤ ਕਰਦੇ ਹਨ। ਉਨ੍ਹਾਂ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ ਤੋਂ ਇਲਾਵਾ ਅਧਿਆਪਕ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।
+
Advertisement
Advertisement
Advertisement
Advertisement
×