ਸਤਲੁਜ ਸੀਨੀਅਰ ਸੈਕੰਡਰੀ ਸਕੂਲ ’ਚ ਅੱਜ ਬਾਲ ਦਿਵਸ ਮਨਾਇਆ ਗਿਆ। ਇਸ ’ਚ ਕਰੀਬ 450 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਕਾਲਾ ਅਹੂਜਾ ਤੇ ਸਕੂਲ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਕੀਤਾ। ਮੁੱਖ ਮਹਿਮਾਨ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਜ਼ਰੂਰੀ ਹਨ। ਉਨ੍ਹਾਂ ਬੱਚਿਆਂ ਨੂੰ ਮਿਹਨਤ ਕਰਨ, ਟੀਮ ਵਰਕ ਦਾ ਅਭਿਆਸ ਕਰਨ ਤੇ ਆਤਮ-ਵਿਸ਼ਵਾਸ ਮਜ਼ਬੂਤ ਰੱਖਣ ਲਈ ਪ੍ਰੇਰਿਆ। ਸਕੂਲ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜੀਵਨ ਅਤੇ ਬੱਚਿਆਂ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਬਾਲ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਨਰਸਰੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਬੱਚਿਆਂ ਨੇ ਬਾਲ ਦੌੜ, ਬੈਗ ਦੌੜ, ਟੈਗ ਦੌੜ ਤੇ ਨਿੰਬੂ ਦੌੜ ਸਣੇ ਕਈ ਖੇਡਾਂ ਵਿੱਚ ਹਿੱਸਾ ਲਿਆ। ਨਰਸਰੀ ਵਿੱਚ ਪੂਰਵਾ ਤੇ ਰਿਸ਼ਵ ਨੇ ਪਹਿਲਾ, ਨਿਕੁੰਜ ਤੇ ਮਰਥ ਨੇ ਦੂਜਾ, ਨਵਦੀਪ ਤੇ ਅੰਸ਼ ਨੇ ਤੀਜਾ, ਐੱਲ ਕੇ ਜੀ ਵਿੱਚ ਹਿਮਾਨੀ ਤੇ ਅਹਿਲ ਨੇ ਪਹਿਲਾ, ਅਰਸ਼ਦੀਪ ਤੇ ਆਤਿਫ ਨੇ ਦੂਜਾ, ਆਦਰਸ਼ ਤੇ ਬਿਸ਼ਤੀ ਨੇ ਤੀਜਾ, ਯੂ ਕੇ ਜੀ ਵਿੱਚ ਅਵਨ ਤੇ ਮਯਾਨ ਨੇ ਪਹਿਲਾ, ਗੁਰਫ਼ਤਹਿ ਤੇ ਜਸਕੀਰਤ ਨੇ ਦੂਜਾ, ਵੇਨਿਕਾ ਤੇ ਭੂਮਨਿਊ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਪ੍ਰੋਗਰਾਮ ਰੋਜ਼ ਹਾਊਸ ਇੰਚਾਰਜ ਮਹਿਤਾ ਦੀ ਨਿਗਰਾਨੀ ਹੇਠ ਕਰਾਇਆ ਗਿਆ। ਸਟੇਜ ਸੰਚਾਲਨ ਦੀਪਕਾ ਨੇ ਕੀਤਾ। ਜੇਤੂਆਂ ਨੂੰ ਸਰਟੀਫਿਕੇਟ ਵੰਡੇ ਗਏ।

