ਗੁਰੂ ਨਾਨਕ ਦੇਵ ਅਕੈਡਮੀ ਵਿੱਚ ਬਾਲ ਦਿਵਸ ਮੌਕੇ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਜੇ ਐੱਨ ਵੀ ਸਕੂਲ ਕੈਥਲ ਦੇ ਪ੍ਰਿੰਸੀਪਲ ਉਮੇਸ਼ ਅਤੇ ਬੀ ਪੀ ਆਰ ਸਕੂਲ ਪਿਹੋਵਾ ਦੇ ਪ੍ਰਿੰਸੀਪਲ ਵੇਦ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੀ ਪ੍ਰਿੰਸੀਪਲ ਰਾਜਿੰਦਰ ਕੌਰ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿੱਚ ਅਕੈਡਮੀ ਦੇ ਚਾਰ ਹਾਊਸਾਂ ਦੇ ਕਰੀਬ 248 ਬੱਚਿਆਂ ਨੇ ਹਿੱਸਾ ਲਿਆ। ਇਸ ਦੌਰਾਨ 100 ਮੀਟਰ, 200 ਮੀਟਰ ਦੌੜ, ਰਿਲੇਅ ਦੌੜ, ਸਾਈਕਲਿੰਗ, ਬੈਲੈਂਸ ਅਤੇ ਟੱਗ ਆਫ ਵਾਰ ਸਣੇੇ ਹੋਰ ਖੇਡਾਂ ਕਰਵਾਈਆਂ ਗਈਆਂ। ਚਾਰ ਹਾਊਸਾਂ ’ਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਪਹਿਲੇ ਸਥਾਨ ’ਤੇ ਰਿਹਾ।
ਸਕੂਲ ਦੇ ਡਾਇਰੈਕਟਰ ਸੂਰਤ ਸਿੰਘ ਗੁਰਾਇਆ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ। ਇਸ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਵਧਦਾ ਹੈ। ਇਸ ਤੋਂ ਇਲਾਵਾ ਬੌਧਿਕ ਸਮਰੱਥਾ ਵੀ ਵਧਦੀ ਹੈ। ਇਸ ਮੌਕੇ ਵਿਕਾਸ ਕੁਮਾਰ, ਸੁਖਵਿੰਦਰ ਕੌਰ ਅਤੇ ਅਧਿਆਪਕ ਅਤੇ ਹੋਰ ਸਟਾਫ਼ ਹਾਜ਼ਰ ਸੀ।

