ਸਵਿੱਤਰੀ ਬਾਈ ਸਕੂਲ ’ਚ ਖੇਡਾਂ ਤੇ ਇਨਾਮ ਵੰਡ ਸਮਾਰੋਹ
ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲਿਆ; ਜੇਤੂਆਂ ਦਾ ਸਨਮਾਨ
ਸਵਿੱਤਰੀ ਬਾਈ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਖੇਡ ਮੇਲਾ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਖੇੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਜੱਸੀ ਨੇ ਜੇਤੂ ਖਿਡਾਰੀਆਂ ਦਾ ਇਨਾਮ ਤੇ ਤਗਮਿਆਂ ਨਾਲ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਯੋਗ ਤੇ ਸੱਭਿਆਚਾਰਕ ਪੇਸ਼ਕਾਰੀ ਮੁੱਖ ਸੀ। ਵਿਦਿਆਰਥੀਆਂ ਨੇ ਨਾਚ ਅਤੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਸਰਪੰਚ ਸੰਜੀਵ ਸਿੰਗਲਾ ਨੇ ਕਿਹਾ ਕਿ ਜੇਕਰ ਅਧਿਆਪਕ ਬੱਚਿਆਂ ਦੀ ਪ੍ਰਤਿਭਾ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਸੇ ਅਨੁਸਾਰ ਸਿੱਖਿਆ ਦੇਣ ਤਾਂ ਬੱਚੇ ਜ਼ਿੰਦਗੀ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਯੋਗ ਕਰਵਾਉਣ ਨਾਲ ਬੱਚੇ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਗੇ। ਖੇਡਾਂ ਦੀ ਮਹੱਤਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਸਕੂਲ ਪ੍ਰਿੰਸੀਪਲ ਖੁਸ਼ਬੂ ਸੈਣੀ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਸਮਾਗਮਾਂ ਪਿੱਛੇ ਮੁੱਖ ਉਦੇਸ਼ ਬੱਚਿਆਂ ਵਿੱਚ ਅਨੁਸ਼ਾਸਨ, ਆਤਮ ਵਿਸਵਾਸ਼ ਤੇ ਖੇਡ ਭਾਵਨਾ ਪੈਦਾ ਕਰਨਾ ਹੈ। ਖੇਡ ਮੁਕਾਬਲਿਆਂ ਵਿੱਚ ਸਤਲੁਜ ਹਾਊਸ ਨੇ ਪਹਿਲਾ, ਹੁਗਲੀ ਹਾਊਸ ਨੇ ਦੂਜਾ ਅਤੇ ਪੈਰੀਅਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕ ਅਕਸ਼ੈ ਸੈਣੀ ਨੇ ਸਮਾਰੋਹ ਦੌਰਾਨ ਸਰਬੋਤਮ ਹਾਊਸ ਪੁਰਸਕਾਰ ਦੇ ਨਤੀਜਿਆਂ ਦਾ ਐਲਾਨ ਵੀ ਕੀਤਾ ਤੇ ਸਤਲੁਜ ਹਾਊਸ ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਭੇਟ ਕੀਤੀਆਂ। ਇਸ ਮੌਕੇ ਡਾ. ਰਿਸ਼ੀ ਸੈਣੀ, ਜੈਦੇਵ ਸਿੰਘ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਮੌਜੂਦ ਸਨ।

