ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਫਤਿਹਾਬਾਦ ਪੁਲੀਸ ਨਸ਼ਾ ਤਸਕਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਕੜੀ ਵਿੱਚ ਥਾਣਾ ਸਿਟੀ ਰਤੀਆ ਪੁਲੀਸ ਨੇ ਵਪਾਰਕ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਦੀ ਸਪਲਾਈ ਵਿੱਚ ਸ਼ਾਮਲ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਇੰਚਾਰਜ ਸਿਟੀ ਰਤੀਆ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਆਈ. ਸੁਬੇ ਸਿੰਘ ਆਪਣੀ ਟੀਮ ਨਾਲ ਗਸ਼ਤ ’ਤੇ ਸਨ। ਗਸ਼ਤ ਦੌਰਾਨ ਰਤੀਆ ਦੇ ਨਵਾਂ ਬੱਸ ਅੱਡਾ ਨੇੜੇ ਪੁਲੀਸ ਨੂੰ ਦੇਖ ਕੇ ਇੱਕ ਨੌਜਵਾਨ ਸ਼ੱਕੀ ਢੰਗ ਨਾਲ ਭੱਜਣ ਲੱਗਾ। ਪੁਲੀਸ ਟੀਮ ਨੇ ਮੁਸਤੈਦੀ ਦਿਖਾਈ ਅਤੇ ਉਸ ਨੂੰ ਮੌਕੇ ’ਤੇ ਹੀ ਫੜ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਦੀ ਪਛਾਣ ਸੁਨੀਲ ਕੁਮਾਰ ਵਾਸੀ ਪਿੰਡ ਖਾਨ ਮੁਹੰਮਦ ਜ਼ਿਲ੍ਹਾ ਫਤਿਹਾਬਾਦ ਵਜੋਂ ਹੋਈ। ਉਸ ਦੇ ਕਬਜ਼ੇ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜੋ ਕਿ ਵਪਾਰਕ ਮਾਤਰਾ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।
ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਖ ਸਪਲਾਇਰ ਦੀ ਭਾਲ ਜਾਰੀ ਸੀ। ਰਤੀਆ ਪੁਲੀਸ ਟੀਮ ਨੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਰਤਨਗੜ੍ਹ ਦੇ ਰਹਿਣ ਵਾਲੇ ਤੇਜਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਤੇਜਪਾਲ ਸਿੰਘ ਇਸ ਨਸ਼ੀਲੇ ਪਦਾਰਥ ਦੀ ਸਪਲਾਈ ਦੇ ਮਾਮਲੇ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪੜਤਾਲ ਦੌਰਾਨ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ।