ਹਰਿਆਣਾ ਦੀਆਂ ਨਦੀਆਂ ’ਚ ਪਾਣੀ ਵਧਣ ਕਾਰਨ ਹਾਲਾਤ ਗੰਭੀਰ
ਆਤਿਸ਼ ਗੁਪਤਾ
ਹਰਿਆਣਾ ਅਤੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਰ ਕੇ ਹਰਿਆਣਾ ਵਿੱਚ ਯਮੁਨਾ, ਘੱਗਰ, ਮਾਰਕੰਡਾ ਤੇ ਟਾਂਗਰੀ ਨਦੀ ‘ਆਉਟ ਆਫ਼ ਕੰਟਰੋਲ’ ਹੋ ਗਈ ਹੈ, ਜਿਸ ਕਰ ਕੇ ਹਾਲਾਤ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਹਨ। ਇਸ ਦੌਰਾਨ ਯਮੁਨਾ, ਘੱਗਰ, ਮਾਰਕੰਡਾ ਤੇ ਟਾਂਗਰੀ ਦੇ ਆਲੇ-ਦੁਆਲੇ ਸਥਿਤ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ।
ਖੇਤਾਂ ਵਿੱਚ ਪਾਣੀ ਵੜਦਾ ਦੇਖਦੇ ਹੋਏ ਲੋਕਾਂ ਦੇ ਸਾਹ ਸੁੱਕਣੇ ਪੈ ਗਏ ਹਨ। ਹਰਿਆਣਾ ਦੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧਣ ਕਰ ਕੇ ਅੰਬਾਲਾ ਵਿਖੇ ਕੌਮੀ ਮਾਰਗ ਦਾ ਇਕ ਹਿੱਸਾ ਵੀ ਪਾਣੀ ਵਿੱਚ ਡੁੱਬ ਗਿਆ ਹੈ, ਜਿਸ ਕਰ ਕੇ ਦੂਜੇ ਪਾਸੇ ਤੋਂ ਹੀ ਆਵਾਜਾਈ ਚੱਲ ਰਹੀ ਹੈ। ਉੱਥੇ ਜਾਮ ਵਰਗੇ ਹਾਲਾਤ ਬਣੇ ਹੋਏ ਹਨ। ਉੱਧਰ ਹਰਿਆਣਾ ਸਰਕਾਰ ਵੱਲੋਂ 24 ਘੰਟੇ ਸੂਬੇ ਦੀਆਂ ਨਦੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਹੜ੍ਹਾਂ ’ਤੇ ਨਜ਼ਰ ਰੱਖ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਨਗਰ ਵਿਖੇ ਸਥਿਤ ਹਥਨੀਕੁੰਡ ਬੈਰਾਜ ਦੇ ਫਲੱਡ ਗੇਟ ਅੱਜ ਲਗਾਤਾਰ ਚੌਥੇ ਦਿਨ ਵੀ ਖੁੱਲ੍ਹੇ ਰਹੇ। ਜਿੱਥੇ ਅੱਜ ਦੁਪਹਿਰ ਸਮੇਂ 1.32 ਲੱਖ ਕਿਊਸਿਕ ਪਾਣੀ ਵਹਿ ਰਿਹਾ ਸੀ, ਜਦੋਂ ਕਿ ਇਸ ਦੀ ਸਮਰੱਥਾ ਇਕ ਲੱਖ ਕਿਊਸਿਕ ਪਾਣੀ ਦੀ ਹੈ। ਹਥਨੀਕੁੰਡ ਬੈਰਾਜ ਦਾ ਪਾਣੀ ਛੱਡੇ ਜਾਣ ਕਰ ਕੇ ਦਿੱਲੀ ਵਿੱਚ ਹੜ੍ਹਾਂ ਦੇ ਹਾਲਾਤ ਬਣ ਸਕਦੇ ਹਨ, ਪਰ ਯਮੁਨਾ ਵਿੱਚ ਪਾਣੀ ਵਧਣ ਕਰ ਕੇ ਯਮੁਨਾ ਕੰਢੇ ਵਸੇ ਸ਼ਹਿਰ ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ ਵਿੱਚ ਹੜ੍ਹਾਂ ਦੇ ਹਾਲਾਤ ਬਣ ਰਹੇ ਹਨ।