ਪਿੰਡ ਗੋਬਿੰਦਪੁਰਾ ਵਿੱਚ ਭਰਾ ਦੀ ਬਿਮਾਰੀ ਦਾ ਸਦਮਾ ਨਾ ਸਹਾਰਦੀ ਹੋਈ ਉਸ ਦੀ ਭੈਣ ਦੀ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ਤੋਂ ਤਿੰਨ ਦਿਨ ਬਾਅਦ ਲੜਕੀ ਦੇ ਭਰਾ ਦੀ ਵੀ ਮੌਤ ਹੋ ਗਈ। 13 ਸਾਲਾ ਸਹਿਦੀਪ 7ਵੀਂ ਅਤੇ ਉਸ ਦੀ ਵੱਡੀ ਭੈਣ ਅਸਮੀਨ ਕੌਰ 11ਵੀਂ ਵਿੱਚ ਪੜ੍ਹਦੀ ਸੀ। ਸਹਿਦੀਪ ਅਤੇ ਅਸਮੀਨ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਸਹਿਦੀਪ ਨੂੰ ਹਿਸਾਰ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਵੱਡੀ ਭੈਣ ਸਦਮੇ ਵਿੱਚ ਆ ਗਈ। ਉਨ੍ਹਾਂ ਦੇ ਪਿਤਾ ਸੰਦੀਪ ਸਿੰਘ ਨੇ ਦੱਸਿਆ ਕਿ ਸਹਿਦੀਪ ਨੂੰ ਕੁਝ ਦਿਨਾਂ ਤੋਂ ਤੇਜ਼ ਬੁਖਾਰ ਸੀ। ਉਹ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਦਕਿ ਅਸਮੀਨ ਦਾ ਰਾਣੀਆਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਸੋਮਵਾਰ ਨੂੰ ਸਹਿਦੀਪ ਦੀ ਹਾਲਤ ਵਿਗੜ ਗਈ ਤਾਂ ਅਸਮੀਨ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ। ਅਸਮੀਨ ਦਿਨ ਭਰ ਵਾਰ-ਵਾਰ ਬੇਨਤੀ ਕਰਦੀ ਰਹੀ ਕਿ ਉਸ ਦੇ ਭਰਾ ਨੂੰ ਬਚਾਅ ਲਓ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਉਸ ਦੇ ਪਿਤਾ ਨੇ ਆਖਿਆ ਕਿ ਲੜਕੀ ਦੀ ਮੌਤ ਤੋਂ ਤਿੰਨ ਦਿਨ ਬਾਅਦ ਉਸ ਦੇ ਪੁੱਤਰ ਦੀ ਵੀ ਮੌਤ ਹੋ ਗਈ। ਦੋਵੇਂ ਡੇਂਗੂ ਤੋਂ ਪੀੜਤ ਸਨ। ਦੋਵੇਂ ਇੱਕੋ ਸਕੂਲ ਵਿੱਚ ਪੜ੍ਹਦੇ ਸਨ।
ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ: ਸੀ ਐੱਮ ਓ
ਸੀ ਐੱਮ ਓ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਜ ਡਾਕਟਰਾਂ ਦੀ ਟੀਮ ਗੋਬਿੰਦਪੁਰਾ ਪਿੰਡ ਵਿੱਚ ਗਈ ਸੀ। ਪਰਿਵਾਰ ਦੀ ਜਾਣਕਾਰੀ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ।

