ਪੰਜਾਬ ਵਿੱਚ ਹੜ੍ਹਾਂ ਦੀ ਮਾਰ ਤੋਂ ਕਿਸਾਨ ਬੇਹੱਦ ਦੁਖੀ ਹਨ ਅਤੇ ਸਮਾਜ ਸੇਵੀਆਂ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-15, ਫਰੀਦਾਬਾਦ ਦੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਹਾਲਤ ਦਾ ਜਾਇਜ਼ਾ ਲਿਆ ਅਤੇ ਉਸੇ ਮੁਤਾਬਕ ਵਿੱਤੀ ਸਹਾਇਤਾ ਦਿੱਤੀ।
ਰਾਣਾ ਕੌਰ ਭੱਟੀ ਪ੍ਰਧਾਨ, ਸਿੰਘ ਸਭਾ ਨੇ ਦੱਸਿਆ ਕਿ ਨਰਿੰਦਰ ਸਿੰਘ ਬੱਗਾ, ਰਜਿੰਦਰ ਨਾਗਪਾਲ, ਨਰਿੰਦਰ ਸਿੰਘ ਅਹੂਜਾ ਇੰਦਰਜੀਤ ਸਿੰਘ, ਰਵਿੰਦਰ ਪਾਲ ਕੌਰ, ਰੁਪਿੰਦਰ ਕੌਰ, ਸਤਿੰਦਰ ਸਿੰਘ ਆਦਿ ਨੇ ਪੰਜਾਬ ਜਾ ਕੇ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-15, ਫਰੀਦਾਬਾਦ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਅਤੇ ਅਗਲੇ ਦਿਨਾਂ ਦੌਰਾਨ ਮੁੜ ਇਹ ਸੇਵਾ ਕੀਤੀ ਜਾਵੇਗੀ। ਪ੍ਰਧਾਨ ਨੇ ਦੱਸਿਆ ਕਿ ਪਿੰਡ ਬਾਉਪੁਰ, ਸਾਗਰਾਂ ਹਲਕੇ ਦੇ ਕਿਸਾਨਾਂ ਨੂੰ ਦਸ ਹਜ਼ਾਰ ਲਿਟਰ ਡੀਜ਼ਲ ਦਿੱਤਾ ਗਿਆ ਹੈ।
ਕਮੇਟੀ ਦੇ ਅਹੁਦੇਦਾਰਾਂ ਨੇ ਬੰਨ੍ਹ ਖ਼ਾਤਰ ਲੋਹੇ ਦੀ ਤਾਰ ਲਈ ਵੀ ਵੱਡੀ ਰਕਮ ਦੀ ਮਦਦ ਕੀਤੀ ਹੈ। ਪ੍ਰਧਾਨ ਨੇ ਦੱਸਿਆ ਕਿ ਪਿੰਡ ਆਹਲੀ ਕਲਾਂ ਦੇ ਗੁਰਚਰਨ ਸਿੰਘ ਨੂੰ ਮਕਾਨ ਬਣਾਉਣ ਲਈ ਵਿੱਤੀ ਮਦਦ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲ ਅਤੇ ਅਮਰਬੀਰ ਸਿੰਘ ਵੱਲੋਂ ਉੱਥੇ ਗਏ ਪਤਵੰਤਿਆਂ ਦਾ ਸਿੱਖ ਰਵਾਇਤਾਂ ਅਨੁਸਾਰ ਸਨਮਾਨ ਕੀਤਾ ਗਿਆ।