YouTuber ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਵਿਚ ਮੁਕਾਬਲੇ ਮਗਰੋਂ ਸ਼ੂਟਰ ਗ੍ਰਿਫ਼ਤਾਰ
Elvish Yadav house firing case: ਗੁਰੂਗ੍ਰਾਮ ਵਿੱਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਵੱਡੀ ਸਫਲਤਾ ਮਿਲੀ ਹੈ। ਫਰੀਦਾਬਾਦ ਅਪਰਾਧ ਸ਼ਾਖ਼ਾ ਸੈਕਟਰ-30 ਦੀ ਟੀਮ ਨੇ ਸ਼ੁੱਕਰਵਾਰ ਤੜਕੇ ਫਰੀਦਪੁਰ ਪਿੰਡ ਨੇੜੇ ਇੱਕ...
Elvish Yadav house firing case: ਗੁਰੂਗ੍ਰਾਮ ਵਿੱਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੂੰ ਵੱਡੀ ਸਫਲਤਾ ਮਿਲੀ ਹੈ। ਫਰੀਦਾਬਾਦ ਅਪਰਾਧ ਸ਼ਾਖ਼ਾ ਸੈਕਟਰ-30 ਦੀ ਟੀਮ ਨੇ ਸ਼ੁੱਕਰਵਾਰ ਤੜਕੇ ਫਰੀਦਪੁਰ ਪਿੰਡ ਨੇੜੇ ਇੱਕ ਮੁਕਾਬਲੇ ਦੌਰਾਨ ਇੱਕ ਸ਼ੂਟਰ ਇਸ਼ਾਂਤ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਮੁਤਾਬਕ ਇਸ਼ਾਂਤ ਸਵੇਰੇ ਕਰੀਬ 4:30 ਵਜੇ ਆਪਣੀ ਬਾਈਕ ’ਤੇ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਜਦੋਂ ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਬਾਈਕ ਭਜਾ ਲਈ ਅਤੇ ਪੁਲੀਸ ਟੀਮ ’ਤੇ ਗੋਲੀਆਂ ਚਲਾਈਆਂ। ਮੁਲਜ਼ਮ ਨੇ ਤਿੰਨ ਤੋਂ ਚਾਰ ਰੌਂਦ ਫਾਇਰ ਕੀਤੇ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਉਸ ਦੀ ਲੱਤ ’ਤੇ ਲੱਗੀ ਅਤੇ ਉਹ ਸੜਕ ’ਤੇ ਡਿੱਗ ਪਿਆ। ਇਸ ਤੋਂ ਬਾਅਦ, ਪੁਲੀਸ ਨੇ ਉਸ ਨੂੰ ਫੜ ਲਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲੀਸ ਨੇ ਉਸ ਦੀ ਬਾਈਕ ਵੀ ਜ਼ਬਤ ਕਰ ਲਈ ਹੈ।
ਡੀਸੀਪੀ ਕਰਾਈਮ ਫਰੀਦਾਬਾਦ ਮੁਕੇਸ਼ ਕੁਮਾਰ ਨੇ ਕਿਹਾ ਕਿ ਇਸ਼ਾਂਤ ਗਾਂਧੀ 17 ਅਗਸਤ ਨੂੰ ਗੁਰੂਗ੍ਰਾਮ ਸੈਕਟਰ-57 ਵਿੱਚ ਐਲਵਿਸ਼ ਯਾਦਵ ਦੇ ਘਰ ’ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਹੈ। ਸੀਸੀਟੀਵੀ ਫੁਟੇਜ ਵਿੱਚ ਉਸ ਨੂੰ ਗੋਲੀਬਾਰੀ ਕਰਦੇ ਦੇਖਿਆ ਗਿਆ ਸੀ।
ਐਲਵਿਸ਼ ਯਾਦਵ ਦੇ ਘਰ ਦੇ ਬਾਹਰ 17 ਅਗਸਤ ਨੂੰ ਸਵੇਰੇ 5:30 ਵਜੇ 24 ਰੌਂਦ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਗੋਲੀਆਂ ਦਰਵਾਜ਼ਿਆਂ, ਖਿੜਕੀਆਂ ਅਤੇ ਛੱਤ ’ਤੇ ਲੱਗੀਆਂ। ਉਸ ਸਮੇਂ ਐਲਵਿਸ਼ ਘਰ ਵਿੱਚ ਮੌਜੂਦ ਨਹੀਂ ਸੀ। ਭਾਉ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਅਤੇ ਐਲਵਿਸ਼ ’ਤੇ ਸੱਟੇਬਾਜ਼ੀ ਐਪ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ’ਤੇ ਵੀ ਗੋਲੀਬਾਰੀ ਕੀਤੀ ਗਈ ਸੀ। ਪੁਲੀਸ ਦੋਵਾਂ ਮਾਮਲਿਆਂ ਦੀ ਇੱਕੋ ਸਮੇਂ ਜਾਂਚ ਕਰ ਰਹੀ ਹੈ, ਕਿਉਂਕਿ ਹਾਲ ਹੀ ਵਿੱਚ ਐਲਵਿਸ਼ ਯਾਦਵ ਅਤੇ ਰਾਹੁਲ ਫਾਜ਼ਿਲਪੁਰੀਆ ਦਾ ਇੱਕ ਸਾਂਝਾ ਸੰਗੀਤ ਐਲਬਮ ਵੀ ਵਿਵਾਦਾਂ ਵਿੱਚ ਸੀ। ਫਰੀਦਾਬਾਦ ਪੁਲੀਸ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਇਸ਼ਾਂਤ ਗਾਂਧੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।