ਸ਼ਿਕੋਹਪੁਰ ਜ਼ਮੀਨ ਸੌਦਾ ਕੇਸ: ਈਡੀ ਵੱਲੋਂ ਰੌਬਰਟ ਵਾਡਰਾ ਤੇ ਹੋਰਨਾਂ ਖਿਲਾਫ਼ ਚਾਰਜਸ਼ੀਟ ਦਾਇਰ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਤੇ ਕਾਰੋਬਾਰੀ ਰੌਬਰਟ ਵਾਡਰਾ ਖਿਲਾਫ਼ ਹਰਿਆਣਾ ਦੇ ਸ਼ਿਕੋਹਪੁਰ ਵਿਚ ਜ਼ਮੀਨ ਸੌਦੇ ਵਿਚਲੀ ਕਥਿਤ ਬੇਨੇਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜਾਂਚ ਏਜੰਸੀ ਵੱਲੋਂ ਦਾਇਰ ਅਪਰਾਧਕ ਕੇਸ ਵਿਚ 56 ਸਾਲਾ ਵਾਡਰਾ ਨੂੰ ਨਾਮਜ਼ਦ ਕੀਤਾ ਗਿਆ ਹੈ।
ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੰਘੀ ਜਾਂਚ ਏਜੰਸੀ ਨੇ ਵਾਡਰਾ ਅਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਕਿ ਸਕਾਈ ਲਾਈਟ ਹੌਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ ਨਾਲ ਸਬੰਧਤ 37.64 ਕਰੋੜ ਰੁਪਏ ਦੀਆਂ 43 ਅਚੱਲ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਵੱਲੋਂ ਬੁੱਧਵਾਰ ਨੂੰ ਪੀਐਮਐਲਏ ਤਹਿਤ ਇੱਕ ਅਸਥਾਈ ਕੁਰਕੀ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਚਾਰਜਸ਼ੀਟ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਉਪਬੰਧਾਂ ਤਹਿਤ ਇੱਥੇ ਰਾਊਸ ਐਵੇਨਿਊ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਵਾਡਰਾ, ਉਨ੍ਹਾਂ ਨਾਲ ਜੁੜੀ ਸਕਾਈ ਲਾਈਟ ਹੌਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਨਾਮ ਦੀ ਫਰਮ, ਸਤਿਆਨੰਦ ਯਾਜੀ ਅਤੇ ਕੇਵਲ ਸਿੰਘ ਵਿਰਕ, ਉਨ੍ਹਾਂ ਦੀ ਕੰਪਨੀ ਓਂਕਾਰੇਸ਼ਵਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਅਤੇ ਕੁਝ ਹੋਰਾਂ ਸਮੇਤ ਕੁੱਲ 11 ਸੰਸਥਾਵਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਅਦਾਲਤ ਨੇ ਅਜੇ ਤੱਕ ਇਸਤਗਾਸਾ ਪੱਖ ਦੀ ਸ਼ਿਕਾਇਤ ਦਾ ਨੋਟਿਸ ਨਹੀਂ ਲਿਆ ਹੈ। ਉਧਰ ਵਾਡਰਾ ਨੇ ਹਮੇਸ਼ਾ ਵਿੱਤੀ ਬੇਨੇਮੀਆਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ‘ਸਿਆਸੀ ਬਦਲਾਖੋਰੀ’ ਤਹਿਤ ਦਰਜ ਕੀਤਾ ਗਿਆ ਸੀ, ਜਿਸ ਵਿੱਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਹਨ।