ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸੈਮੀਨਾਰ
ਕੁਰੂਕਸ਼ੇਤਰ ’ਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਮਾਗਮ, ਪ੍ਰੋਫ਼ੈਸਰਾਂ ਤੇ ਵਿਦਵਾਨਾਂ ਵੱਲੋਂ ਸ਼ਿਰਕਤ
ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤਿਆਗ, ਪਰਉਪਕਾਰ ਅਤੇ ਆਤਮ ਬਲੀਦਾਨ ਦੀ ਇੱਕ ਵਿਲੱਖਣ ਗਾਥਾ ਹੈ। ਉਨ੍ਹਾਂ ਨੇ ਹਿੰਦੂ ਸਮਾਜ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਜੀਵਨ ਸਾਨੂੰ ਸਮਾਜ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਮਹੱਤਤਾ ਸਿਖਾਉਂਦਾ ਹੈ। ਅਸੀਂ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਵਜੋਂ ਵੀ ਜਾਣਦੇ ਹਾਂ। ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਸੋਮਨਾਥ ਸਚਦੇਵਾ ਨੇ ਸੈਨੇਟ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ (ਸਿੱਖ ਰਿਸਰਚ ਇੰਸਟੀਚਿਊਟ, ਅਮਰੀਕਾ) ਅਤੇ ਨਾਮ ਸ਼ਬਦ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਇੱਕ ਦਿਨ ਦੇ ਵਿਸ਼ੇਸ਼ ਸੈਮੀਨਾਰ ਦੌਰਾਨ ਕੀਤਾ।
ਪ੍ਰੋਗਰਾਮ ਕੋਆਰਡੀਨੇਟਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਸੈਮੀਨਾਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਕਰਵਾਇਆ ਗਿਆ ਹੈ, ਜਿਸ ਦਾ ਉਦੇਸ਼ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਵਿਰਾਸਤ ਬਾਰੇ ਵਿਸਥਾਰ ਨਾਲ ਚਰਚਾ ਕਰਨਾ ਸੀ।
ਵਾਈਸ ਚਾਂਸਲਰ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਸਾਧਨ ਹੈ। ਗੁਰਬਾਣੀ ਸਾਨੂੰ ਖੁਸ਼ੀ ਅਤੇ ਦੁੱਖ ਵਿੱਚ ਸਮਾਨ ਰਹਿਣ ਅਤੇ ਸੋਨੇ ਅਤੇ ਮਿੱਟੀ ਨੂੰ ਇੱਕੋ ਜਿਹਾ ਸਮਝਣ ਦੀ ਸਿੱਖਿਆ ਦਿੰਦੀ ਹੈ।
ਰਜਿਸਟਰਾਰ ਲੈਫਟੀਨੈਂਟ ਡਾ. ਵਰਿੰਦਰ ਪਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਸਮਾਜ ਵਿੱਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਮਾਨਵਤਾ ਦਾ ਪ੍ਰਚਾਰ ਕੀਤਾ। ਉਨ੍ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਮੁੱਚੇ ਸਮਾਜ ਨੂੰ ਜਾਗਰੂਕ ਕੀਤਾ।
ਸਿੱਖ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਫੈਲੋ ਇਨੋਵੇਸ਼ਨ ਡਾਇਰੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ, ਨਾ ਸਿਰਫ਼ ਸਿੱਖ ਭਾਈਚਾਰੇ ਲਈ ਸਗੋਂ ਪੂਰੇ ਭਾਰਤ ਲਈ ਇੱਕ ਪ੍ਰੇਰਨਾਦਾਇਕ ਮੌਕਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਸ਼ਵਾਸ, ਧਾਰਮਿਕ ਆਜ਼ਾਦੀ ਅਤੇ ਨਿਆਂ ਲਈ ਸੰਘਰਸ਼ ਕਦੇ ਅਸਫਲ ਨਹੀਂ ਹੁੰਦੇ।
ਗੁਰਬਾਣੀ ਖੋਜ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਬੁਲਾਰੇ ਵਜੋਂ ਅਮਰੀਕਾ ਦੇ ਸੀਨੀਅਰ ਰਿਸਰਚ ਫੈਲੋ, ਪ੍ਰੋ. ਅਵਤਾਰ ਸਿੰਘ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਯੂਨੀਵਰਸਿਟੀ ਦੇ ਹੋਰ ਪ੍ਰੋਫ਼ੈਸਰ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਰਹੀਆਂ।