ਐੱਸਡੀਐੱਮ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਫਰਵਰੀ
ਸ਼ਾਹਬਾਦ ਦੀ ਐੱਸਡੀਐੱਮ ਚਿਨਾਰ ਚਹਿਲ ਨੇ ਕਿਹਾ ਕਿ ਸ਼ਹਿਰ ਤੇ ਪਿੰਡਾਂ ਦਾ ਵਿਕਾਸ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਤੇ ਸਬ-ਡਿਵੀਜ਼ਨ ਦੇ ਵਿਕਾਸ ਲਈ ਲੋਕਾਂ ਤੋਂ ਪ੍ਰਤੀਕਿਰਿਆ ਹਾਸਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਐੱਸਡੀਐੱਮ ਚਿਨਾਰ ਚਹਿਲ ਨਗਰ ਕੌਂਸਲ ਅਧਿਕਾਰੀਆਂ ਨਾਲ ਸ਼ਹਿਰ ਦਾ ਅਚਨਚੇਤੀ ਨਿਰੀਖਣ ਕਰਨ ਦੌਰਾਨ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਨਿੱਜੀ ਬੱਸਾਂ ਦੀ ਪਾਰਕਿੰਗ, ਸ਼ਹਿਰ ਦੇ ਪਾਰਕ, ਲੇਬਰ ਚੌਕ ਦੀ ਸਮੱਸਿਆ, ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਲਾਡਵਾ ਬਰਾੜਾ ਚੌਕ ’ਤੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ, ਨਾਲੇ ਦੀ ਸਫਾਈ, ਮੁਰੰਮਤ ਅਤੇ ਮੈਨ ਹੋਲ ਦੇ ਢੱਕਣਾਂ ਨੂੰ ਲੈ ਕੇ ਕੁਝ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਉਮੀਦ ਅਨੁਸਾਰ ਕਬਜ਼ੇ ਹਟਾਏ ਜਾਣਗੇ। ਜਿਥੇ ਵੀ ਗੰਦਗੀ ਹੈ ਉਨ੍ਹਾਂ ਥਾਵਾਂ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਵਿਕਾਸ ਕਾਰਜ ਅਧੂਰੇ ਪਏ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ। ਸ਼ਹਿਰ ਨੂੰ ਸਾਫ ਤੇ ਸੁੰਦਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਪ੍ਰਾਈਵੇਟ ਬੱਸ ਸੰਚਾਲਕਾਂ ਨੂੰ ਆਦੇਸ਼ ਦਿੱਤੇ ਕਿ ਉਹ ਨਿਰਧਾਰਤ ਸਥਾਨ ’ਤੇ ਹੀ ਬੱਸਾਂ ਦੀ ਪਾਰਕ ਕਰਨ। ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਾਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਗਲੀਆਂ ’ਚ ਖੜ੍ਹੀਆਂ ਨਾ ਕਰਨ, ਸਿਰਫ ਨਿਰਧਾਰਤ ਥਾਵਾਂ ’ਤੇ ਹੀ ਪਾਰਕ ਕਰਨ ਤਾਂ ਜੋ ਆਮ ਨਾਗਰਿਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।