ਐੱਸ.ਡੀ.ਐੱਮ. ਵੱਲੋਂ ਬੇਗਾਨਾ ਨਦੀ ਤੇ ਸ਼ਹਿਜ਼ਾਦਪੁਰ ਖੇਤਰ ਦਾ ਜਾਇਜ਼ਾ
ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਅੱਜ ਸ਼ਹਿਜ਼ਾਦਪੁਰ ਖੇਤਰ ਦਾ ਦੌਰਾ ਕੀਤਾ ਅਤੇ ਹਾਲ ਹੀ ਵਿੱਚ ਹੋਈ ਭਾਰੀ ਬਾਰਸ਼ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸ਼ਹਿਜ਼ਾਦਪੁਰ-ਅੰਬਾਲਾ ਸ਼ਹਿਰ ਦੀ ਮੁੱਖ ਸੜਕ ‘ਤੇ ਫਲਾਈਓਵਰ ਦੇ ਨੇੜੇ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲਿਆ।
ਐੱਸਡੀਐੱਮ ਨੇ ਕਿਹਾ ਕਿ ਲਗਾਤਾਰ ਭਾਰੀ ਬਾਰਸ਼ ਅਤੇ ਦਰਿਆਵਾਂ ਵਿੱਚ ਤੇਜ਼ ਵਹਾਅ ਕਾਰਨ ਪਾਣੀ ਦੇ ਨਿਕਾਸ ਵਿੱਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਨਐੱਚਏਆਈ ਨੇ ਆਪਣੇ ਨਾਲਿਆਂ ਦੀ ਸਫਾਈ ਕਰਵਾ ਲਈ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇਗਾ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਮੱਦੇਨਜ਼ਰ, ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਤਾਇਨਾਤ ਰਹਿਣ ਅਤੇ ਹਰ ਸਥਿਤੀ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਮੀਂਹ ਕਾਰਨ ਹੋਏ ਨੁਕਸਾਨ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਨਾਇਬ ਤਹਿਸੀਲਦਾਰ ਅਤੇ ਬੀਡੀਪੀਓ ਨੂੰ ਤੁਰੰਤ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਨਿਰੀਖਣ ਦੌਰਾਨ ਬੀਡੀਪੀਓ ਸ਼ਬਨਮ ਰੇਲਨ, ਪਿੰਡ ਮਾਜਰਾ ਅਤੇ ਸ਼ਹਿਜਾਦਪੁਰ ਦੇ ਸਰਪੰਚ ਵੀ ਮੌਜੂਦ ਸਨ। ਐੱਸਡੀਐੱਮ ਨੇ ਉਨ੍ਹਾਂ ਤੋਂ ਪਾਣੀ ਦੀ ਨਿਕਾਸੀ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਸ਼ਹਿਜਾਦਪੁਰ ਪੁਲੀਸ ਸਟੇਸ਼ਨ ਦੇ ਅਸ਼ੋਕ ਕੁਮਾਰ ਨੂੰ ਵੀ ਜ਼ਰੂਰੀ ਨਿਰਦੇਸ਼ ਦਿੱਤੇ।
ਇਸ ਤੋਂ ਪਹਿਲਾਂ ਐੱਸਡੀਐੱਮ ਨੇ ਬੇਗਨਾ ਨਦੀ ਵਿੱਚ ਆਏ ਹੜ੍ਹ ਦਾ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ।