7 ਸਾਲਾ ਬੱਚੇ ਨੂੰ ਪੁੱਠਾ ਲਟਕਾਉਣ ਦੇ ਮਾਮਲੇ ਵਿੱਚ ਸਕੂਲ ਪ੍ਰਿੰਸੀਪਲ, ਡਰਾਈਵਰ ਗ੍ਰਿਫ਼ਤਾਰ
ਸਿੱਖਿਆ ਵਿਭਾਗ ਨੇ ਸਕੂਲ ਨੂੰ ਨੋਟਿਸ ਭੇਜ ਕੇ ਬੰਦ ਕੀਤਾ
ਇੱਥੋਂ ਦੇ ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਅਤੇ ਇੱਕ ਕੈਬ ਡਰਾਈਵਰ ਨੂੰ ਸਕੂਲ ਵਿੱਚ ਇੱਕ ਬੱਚੇ ਨੂੰ ਉਲਟਾ ਲਟਕਾ ਕੇ ਕਥਿਤ ਤੌਰ ’ਤੇ ਕੁੱਟਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਨੂੰ ਨੋਟਿਸ ਭੇਜਿਆ ਹੈ ਅਤੇ ਬੰਦ ਕਰ ਦਿੱਤਾ ਹੈ।
ਇਹ ਹੈਰਾਨ ਕਰਨ ਵਾਲੀ ਘਟਨਾ ਪਾਣੀਪਤ ਵਿੱਚ ਸਾਹਮਣੇ ਆਈ ਸੀ, ਜਿੱਥੇ ਜਾਟਲ ਰੋਡ ’ਤੇ ਸਥਿਤ ਸਕੂਲ ਵਿੱਚ ਇੱਕ ਸੱਤ ਸਾਲਾ ਬੱਚੇ ਨੂੰ ਕਥਿਤ ਤੌਰ ’ਤੇ ਕੈਬ ਡਰਾਈਵਰ ਵੱਲੋਂ ਕੁੱਟਿਆ ਗਿਆ ਅਤੇ ਖਿੜਕੀ ਨਾਲ ਪੁੱਠਾ ਲਟਕਾਇਆ ਗਿਆ।
ਹਾਲਾਂਕਿ ਇਹ ਘਟਨਾ ਅਗਸਤ ਵਿੱਚ ਵਾਪਰੀ ਸੀ, ਪਰ ਬੱਚੇ ਦੇ ਮਾਪਿਆਂ ਨੂੰ ਇਸ ਬਾਰੇ ਸ਼ਨਿਚਰਵਾਰ ਨੂੰ ਪਤਾ ਲੱਗਾ ਜਦੋਂ ਕੁੱਟਮਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਉਨ੍ਹਾਂ ਤੁਰੰਤ ਸਕੂਲ ਦੀ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਅਤੇ ਮਾਡਲ ਟਾਊਨ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲੀਸ ਨੇ ਕੈਬ ਡਰਾਈਵਰ, ਜਿਸ ਦੀ ਪਛਾਣ ਅਜੇ ਵਜੋਂ ਹੋਈ ਹੈ, ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਇਸੇ ਸਾਲ ਪੁੱਤਰ ਨੂੰ ਵਿਰਾਟ ਨਗਰ ਦੇ ਸ੍ਰੀਜਨ ਪਬਲਿਕ ਸਕੂਲ ਵਿੱਚ ਦੂਜੀ ਕਲਾਸ ਵਿੱਚ ਦਾਖਲ ਕਰਵਾਇਆ ਗਿਆ ਸੀ।ਉਨ੍ਹਾਂ ਦੱਸਿਆ ਕਿ ਇਹ ਘਟਨਾ 13 ਅਗਸਤ ਨੂੰ ਵਾਪਰੀ ਸੀ।
ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ, ਇਸ ਵਿੱਚ ਉਨ੍ਹਾਂ ਦੇ ਬੇਟੇ ਦੀਆਂ ਲੱਤਾਂ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ ਅਤੇ ਉਹ ਸਕੂਲੀ ਵਰਦੀ ਵਿੱਚ ਇੱਕ ਖਿੜਕੀ ਤੋਂ ਲਟਕ ਰਿਹਾ ਸੀ। ਇਸ ਤੋਂ ਇਲਾਵਾ ਇੱਕ ਹੋਰ ਵਾਇਰਲ ਵੀਡੀਓ ਵਿੱਚ ਸਕੂਲ ਦੀ ਪ੍ਰਿੰਸੀਪਲ ਨੂੰ ਆਪਣੇ ਜਮਾਤੀਆਂ ਦੇ ਸਾਹਮਣੇ ਦੋ ਹੋਰ ਬੱਚਿਆਂ ਨੂੰ ਥੱਪੜ ਮਾਰਦੇ ਹੋਏ ਦਿਖਾਇਆ ਗਿਆ ਹੈ।
ਜਦੋਂ ਪਰਿਵਾਰਕ ਮੈਂਬਰਾਂ ਨੇ ਪ੍ਰਿੰਸੀਪਲ ਰੀਨਾ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਵੀਡੀਓਜ਼ ਤੋਂ ਅਣਜਾਣ ਸੀ। ਪੀੜਤ ਬੱਚੇ ਨੇ ਆਪਣੀ ਮਾਂ ਨੂੰ ਦੱਸਿਆ ਕਿ ‘ਅਜੇ ਅੰਕਲ’ ਨੇ ਉਸ ਨੂੰ ਖਿੜਕੀ ਤੋਂ ਲਟਕਾਇਆ, ਥੱਪੜ ਮਾਰਿਆ, ਵੀਡੀਓ ਰਿਕਾਰਡ ਕੀਤੀ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ।
ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਅਤੇ ਪ੍ਰਿੰਸੀਪਲ ਰਿਫਾਇਨਰੀ ਰੋਡ ’ਤੇ ਅਜੇ ਦੇ ਘਰ ਗਏ, ਤਾਂ ਉਸਨੇ ਕੁਝ ਲੜਕਿਆਂ ਨੂੰ ਉਨ੍ਹਾਂ ਦਾ ਸਾਹਮਣਾ ਕਰਨ ਲਈ ਭੇਜ ਦਿੱਤਾ। ਐਤਵਾਰ ਨੂੰ ਪੁਲੀਸ ਘਟਨਾ ਵਾਲੀ ਥਾਂ ਦੀ ਜਾਂਚ ਲਈ ਪੀੜਤ, ਉਸ ਦੇ ਮਾਪਿਆਂ ਅਤੇ ਪ੍ਰਿੰਸੀਪਲ ਨਾਲ ਸਕੂਲ ਪੁੱਜੀ।
ਪ੍ਰਿੰਸੀਪਲ ਨੇ ਕਿਹਾ ਕਿ ਅਜੇ ਨੇ ਬੱਚਿਆਂ ਨਾਲ ਗਲਤ ਵਿਵਹਾਰ ਕੀਤਾ ਸੀ ਅਤੇ ਕੁਝ ਮਾਪਿਆਂ ਨੇ ਉਸ ਦੇ ਵਿਵਹਾਰ ਬਾਰੇ ਸ਼ਿਕਾਇਤ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਵੀ ਇਹ ਨੋਟ ਕੀਤਾ ਸੀ ਅਤੇ ਅਜੇ ਨੂੰ 30 ਅਗਸਤ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਵੀਡੀਓ ਵਿੱਚ ਦਿਖਾਈ ਦੇ ਰਹੇ ਥੱਪੜ ਮਾਰਨ ਬਾਰੇ, ਪ੍ਰਿੰਸੀਪਲ ਨੇ ਸਪੱਸ਼ਟ ਕੀਤਾ ਕਿ ਦੋ ਲੜਕਿਆਂ ਨੇ ਸਕੂਲ ਵਿੱਚ ਇੱਕ ਲੜਕੀ ਨਾਲ ਬਦਸਲੂਕੀ ਕੀਤੀ ਸੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਸੀ।
ਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਥਾਣੇ ਵਿੱਚ ਡਰਾਈਵਰ ਖਿਲਾਫ਼ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।