ਭਵਨ ਨਿਰਮਾਣ ਮਜ਼ਦੂਰਾਂ ਦੀਆਂ ਯੋਜਨਾਵਾਂ ’ਚ ਘਪਲੇ ਦਾ ਖੁਲਾਸਾ
ਸਰਬਜੀਤ ਸਿੰਘ ਭੱਟੀ
ਅੰਬਾਲਾ, 6 ਜੁਲਾਈ
ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿੱਜ ਨੇ ਸੂਬੇ ਵਿੱਚ ਭਵਨ ਅਤੇ ਹੋਰ ਇਮਾਰਤੀ ਨਿਰਮਾਣ ਕਾਰਜਾਂ ਨਾਲ ਜੁੜੇ ਰਜਿਸਟਰਡ ਮਜ਼ਦੂਰਾਂ ਦੀਆਂ ਯੋਜਨਾਵਾਂ ਵਿੱਚ ਵੱਡੇ ਪੈਮਾਨੇ ’ਤੇ ਘਪਲਾ ਹੋਣ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਨਕਲੀ ਰਜਿਸਟ੍ਰੇਸ਼ਨ ਕਰਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ, ਜਿਸ ਕਾਰਨ ਸਰਕਾਰ ਨੂੰ ਸੈਂਕੜੇ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਸ੍ਰੀ ਵਿੱਜ ਨੇ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿੰਨ ਮੈਂਬਰੀ ਕਮੇਟੀਆਂ ਰਾਹੀਂ ਰਜਿਸਟਰਡ ਮਜ਼ਦੂਰਾਂ ਦੀਆਂ ਵਰਕ ਸਲਿਪਾਂ ਦੀ ਜਾਂਚ ਹੋਵੇਗੀ। ਇਹ ਕਮੇਟੀਆਂ ਰਜਿਸਟ੍ਰੇਸ਼ਨ ਅਤੇ ਵੈਰੀਫਿਕੇਸ਼ਨ ਦੀ ਪੂਰੀ ਪ੍ਰਕਿਰਿਆ ਦੀ ਫਿਜੀਕਲ ਜਾਂਚ ਕਰਨਗੀਆਂ ਤੇ 3 ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੀਆਂ। ਛੇ ਜ਼ਿਲ੍ਹਿਆਂ ਹਿਸਾਰ, ਕੈਥਲ, ਜੀਂਦ, ਸਿਰਸਾ, ਫਰੀਦਾਬਾਦ ਤੇ ਭਿਵਾਨੀ ਦੀ ਪਹਿਲੀ ਜਾਂਚ ਵਿੱਚ ਹੀ ਵੱਡੀਆਂ ਗੜਬੜੀਆਂ ਸਾਹਮਣੇ ਆਈਆਂ ਹਨ। ਇਕ ਕਰਮਚਾਰੀ ਨੇ ਤਿੰਨ ਮਹੀਨਿਆਂ ਵਿੱਚ 84 ਹਜ਼ਾਰ ਤੋਂ ਵੱਧ ਫਾਈਲਾਂ ਦੀ ਜਾਂਚ ਕੀਤੀ, ਜੋ ਕਿ ਸੰਭਵ ਨਹੀਂ।
ਉਨ੍ਹਾਂ ਕਿਹਾ ਕਿ ਇਹ ਕਿਸੇ ਵਿਸ਼ੇਸ਼ ਪਾਰਟੀ ਦੇ ਲੋਕਾਂ ਵੱਲੋਂ ਰਚਿਆ ਘਪਲਾ ਲੱਗਦਾ ਹੈ। ਉਨ੍ਹਾਂ ਦੋਸ਼ੀਆਂ ਵਿਰੁੱਧ ਅਪਰਾਧਿਕ ਕਾਰਵਾਈ ਦੇ ਆਦੇਸ਼ ਜਾਰੀ ਕਰਦੇ ਹੋਏ ਐਡਵੋਕੇਟ ਜਨਰਲ ਹਰਿਆਣਾ ਨੂੰ ਵੀ ਇਕ ਕਾਪੀ ਭੇਜੀ ਹੈ।