ਹਸਪਤਾਲ ਵਿੱਚ ਦਾਖ਼ਲ ਸਰਪੰਚ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪੱਤਰ ਪ੍ਰੇਰਕ
ਰਤੀਆ, 25 ਜੁਲਾਈ
ਇੱਥੋਂ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਪਿੰਡ ਸਹਿਨਾਲ ਦੇ ਸਰਪੰਚ ਸਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਕਥਿਤ ਹਮਲਾ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲੀਸ ਨੇ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਸਰਪੰਚ ਦੇ ਭਤੀਜੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਗੁਰਦੀਪ ਸਿੰਘ ਉਰਫ ਬਾਬਾ, ਦੀਪ ਸਿੰਘ, ਖੁਸ਼ੀ, ਚਮਕੌਰ, ਸੁਰਜੀਤ, ਕਾਸ਼ੀਰਾਮ, ਕਮਲ, ਭੇਜੀ, ਗੋਰਾ ਅਤੇ ਸੱਤਾ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਗੱਡੀਆਂ ਅਤੇ ਮੋਟਰਸਾਈਕਲ ਦੇ ਸ਼ੋਕਰਾਂ ਦਾ ਮਿਸਤਰੀ ਹੈ। ਬੀਤੇ ਦਿਨੀਂ ਕਰੀਬ 12 ਵਜੇ ਪਿੰਡ ਵਿਚ ਹੜ੍ਹ ਦਾ ਪਾਣੀ ਆਉਣ ਤੋਂ ਰੋਕਣ ਲਈ ਉਸ ਦਾ ਚਾਚਾ ਸਰਪੰਚ ਸਤਪਾਲ ਬੰਨ੍ਹ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਉਸੇ ਸਮੇਂ ਪਿੰਡ ਦੇ ਕੁਝ ਨੌਜਵਾਨਾਂ ਨੇ ਮਿੱਟੀ ਪਾਉਣ ਨੂੰ ਲੈ ਕੇ ਉਸ ਦੇ ਚਾਚਾ ਨਾਲ ਕੁੱਟਮਾਰ ਦਿੱਤੀ, ਜਿਸ ਦੇ ਚੱਲਦੇ ਉਸ ਨੂੰ ਜ਼ਖ਼ਮੀ ਹੋਣ ਉਪਰੰਤ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਜ਼ਖ਼ਮੀ ਚਾਚਾ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਸੇ ਦੌਰਾਨ ਉਪਰੋਕਤ ਨਾਮਜ਼ਦ ਵਿਅਕਤੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਆਏ ਤੇ ਉਨ੍ਹਾਂ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੌਰਾਨ ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨਾਲ ਬਿਨਾ ਵਜ੍ਹਾ ਹੀ ਕੁੱਟਮਾਰ ਕੀਤੀ ਹੈ। ਪੁਲੀਸ ਨੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।